Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯੂਹੰਨਾ - ਯੂਹੰਨਾ 11

ਯੂਹੰਨਾ 11:6-40

Help us?
Click on verse(s) to share them!
6ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ।
7ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ।”
8ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ।”
9ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ।
10ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ।”
11ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ।”
12ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ।”
13ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ। ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ।
14ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ।
15ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ। ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।”
16ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।”
17ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ।
18ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ।
19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ।
20ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ।
21ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।
22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ।”
23ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ।”
24ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ।”
25ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ।
26ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?”
27ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ।”
28ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ।”
29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ।
30ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ।
31ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ।
32ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ।”
33ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ।
34ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ।”
35ਯਿਸੂ ਰੋਇਆ,
36ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ।”
37ਪਰ ਕੁਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁਝ ਨਾ ਕਰ ਸਕਿਆ?”
38ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ। ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ।
39ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।”
40ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।”

Read ਯੂਹੰਨਾ 11ਯੂਹੰਨਾ 11
Compare ਯੂਹੰਨਾ 11:6-40ਯੂਹੰਨਾ 11:6-40