Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 39

Help us?
Click on verse(s) to share them!
1“ਕੀ ਤੂੰ ਜੰਗਲੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ? ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈਂ?
2ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ?
3ਉਹ ਝੁੱਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ, ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ।
4ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ, ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ।
5“ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ, ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ,
6ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ?
7ਉਹ ਨਗਰ ਦੇ ਰੌਲ਼ੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ।
8ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ।
9“ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ?
10ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ? ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ?
11ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ?
12ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?
13“ਸ਼ੁਤਰਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ?
14ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ,
15ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ, ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।
16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ, ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ,
17ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ, ਅਤੇ ਉਸ ਨੂੰ ਸਮਝ ਨਹੀਂ ਬਖ਼ਸ਼ੀ।
18ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ!

19“ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ?
20ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ? ਉਹ ਦੇ ਫੁਰਾਟੇ ਦੀ ਸ਼ਾਨ ਭਿਆਨਕ ਹੈ!
21ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਹਥਿਆਰਬੰਦਾਂ ਦੇ ਟਾਕਰੇ ਲਈ ਨਿੱਕਲਦਾ ਹੈ।
22ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ!
23ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ।
24ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ।
25ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ, ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ!
26“ਕੀ ਬਾਜ਼ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ?
27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ ਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ?
28ਉਹ ਟਿੱਲੇ ਉੱਤੇ ਵੱਸਦਾ ਹੈ, ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ।
29ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।
30ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ।”