Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 17

Help us?
Click on verse(s) to share them!
1“ਮੇਰਾ ਆਤਮਾ ਟੁੱਟ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ।
2ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਹਨਾਂ ਦੇ ਲੜਾਈ ਝਗੜੇ ਉੱਤੇ ਟਿਕੀ ਹੋਈ ਹੈ।
3“ਹੇ ਪਰਮੇਸ਼ੁਰ, ਜ਼ਮਾਨਤ ਦੇ, ਤੂੰ ਆਪਣੇ ਅਤੇ ਮੇਰੇ ਵਿੱਚ ਜ਼ਮਾਨਤੀ ਹੋ, ਕੌਣ ਹੈ ਜੋ ਮੇਰੇ ਹੱਥ ਉੱਤੇ ਹੱਥ ਧਰੇ?
4ਤੂੰ ਤਾਂ ਉਹਨਾਂ ਦਾ ਮਨ ਸਮਝ ਤੋਂ ਓਹਲੇ ਰੱਖਿਆ ਹੈ, ਇਸ ਲਈ ਤੂੰ ਉਹਨਾਂ ਨੂੰ ਪਰਬਲ ਨਾ ਹੋਣ ਦੇਵੇਂਗਾ।
5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ।
6“ਪਰ ਪਰਮੇਸ਼ੁਰ ਨੇ ਮੈਨੂੰ ਲੋਕਾਂ ਲਈ ਮਿਹਣਾ ਬਣਾਇਆ, ਮੈਂ ਉਹ ਹਾਂ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ।
7ਮੇਰੀਆਂ ਅੱਖਾਂ ਸੋਗ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ, ਅਤੇ ਮੇਰੇ ਸਾਰੇ ਅੰਗ ਪਰਛਾਵੇਂ ਵਾਂਗੂੰ ਹੋ ਗਏ ਹਨ।
8ਨੇਕ ਲੋਕ ਇਹ ਵੇਖ ਕੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਕੁਧਰਮੀਆਂ ਦੇ ਵਿਰੁੱਧ ਭੜਕ ਉੱਠਦੇ ਹਨ।
9ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ।
10“ਪਰ ਤੁਸੀਂ ਸਾਰੇ ਹੀ ਯਤਨ ਨਾਲ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ।
11ਮੇਰੇ ਜਿਉਣ ਦੇ ਦਿਨ ਤਾਂ ਬੀਤ ਗਏ, ਮੇਰੀਆਂ ਯੋਜਨਾਵਾਂ ਅਤੇ ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ।
12ਮੇਰੇ ਮਿੱਤਰ ਰਾਤ ਨੂੰ ਦਿਨ ਠਹਿਰਾਉਂਦੇ ਅਤੇ ਆਖਦੇ ਹਨ ਕਿ ਚਾਨਣ ਹਨੇਰੇ ਦੇ ਕੋਲ ਹੀ ਹੈ।
13ਜੇਕਰ ਮੈਂ ਆਸ ਰੱਖਾਂ ਕਿ ਅਧੋਲੋਕ ਮੇਰਾ ਘਰ ਹੈਂ, ਜੇਕਰ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ,
14ਜੇ ਮੈਂ ਸੜਿਆਂਧ ਨੂੰ ਪੁਕਾਰਾਂ ਕਿ ਤੂੰ ਮੇਰਾ ਪਿਤਾ ਹੈਂ, ਅਤੇ ਕੀੜੇ ਨੂੰ ਕਿ ਤੂੰ ਮੇਰੀ ਮਾਂ ਅਤੇ ਮੇਰੀ ਭੈਣ ਹੈਂ,
15ਤਦ ਮੇਰੀ ਆਸ ਫੇਰ ਕਿੱਥੇ ਹੈ? ਕੌਣ ਮੇਰੇ ਲਈ ਆਸ ਵੇਖੇਗਾ?
16ਉਹ ਅਧੋਲੋਕ ਦੇ ਫਾਟਕਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ।”