Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 15

Help us?
Click on verse(s) to share them!
1ਤਦ ਅਲੀਫਾਜ਼ ਤੇਮਾਨੀ ਨੇ ਆਖਿਆ,
2“ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ?
3ਕੀ ਉਹ ਵਿਅਰਥ ਗੱਲਾਂ ਨਾਲ ਬਹਿਸ ਕਰੇ, ਜਾਂ ਅਵਿਰਥਾ ਬੋਲੇ?
4ਪਰ ਤੂੰ ਪਰਮੇਸ਼ੁਰ ਦਾ ਭੈਅ ਮੰਨਣਾ ਛੱਡ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈਂ।
5ਤੇਰਾ ਮੂੰਹ ਤੇਰੀ ਬਦੀ ਨੂੰ ਪ੍ਰਗਟ ਕਰਦਾ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਬੋਲਦਾ ਹੈਂ।
6ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
7“ਕੀ ਪਹਿਲਾ ਮਨੁੱਖ ਤੂੰ ਹੀ ਜੰਮਿਆ ਹੈਂ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਪੈਦਾ ਹੋਇਆ?
8ਕੀ ਤੂੰ ਪਰਮੇਸ਼ੁਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈਂ, ਜਾਂ ਬੁੱਧ ਦਾ ਠੇਕਾ ਤੂੰ ਹੀ ਲੈ ਰੱਖਿਆ ਹੈ?
9ਤੂੰ ਅਜਿਹਾ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਅਜਿਹੀ ਕਿਹੜੀ ਸਮਝ ਹੈ ਜੋ ਸਾਡੇ ਕੋਲ ਨਹੀਂ ਹੈ?
10ਸਾਡੇ ਵਿੱਚ ਧੌਲਿਆਂ ਵਾਲੇ ਸਗੋਂ ਬਜ਼ੁਰਗ ਵੀ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।
11ਕੀ ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਕੀਤੇ ਨਰਮੀ ਦੇ ਬਚਨ ਤੇਰੇ ਲਈ ਹਲਕੇ ਹਨ?
12ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ। ਤੂੰ ਅੱਖਾਂ ਨਾਲ ਇਸ਼ਾਰੇ ਕਿਉਂ ਕਰਦਾ ਹੈਂ?
13ਕੀ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ, ਅਤੇ ਆਪਣੇ ਮੂੰਹ ਤੋਂ ਵਿਅਰਥ ਗੱਲਾਂ ਬਕਦਾ ਹੈਂ?
14“ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ?
15ਵੇਖੋ, ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ,
16ਭਲਾ, ਫੇਰ ਮਨੁੱਖ ਕੀ ਜੋ ਘਿਣਾਉਣਾ ਅਤੇ ਭਰਿਸ਼ਟ ਹੈ, ਜੋ ਬੁਰਿਆਈ ਨੂੰ ਪਾਣੀ ਵਾਂਗੂੰ ਪੀਂਦਾ ਹੈ?
17“ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਸ ਨੂੰ ਮੈਂ ਵੇਖਿਆ ਉਹ ਦਾ ਵਰਨਣ ਮੈਂ ਕਰਦਾ ਹਾਂ,
18ਆਪਣੇ ਪੁਰਖਿਆਂ ਤੋਂ ਸੁਣ ਕੇ, ਜੋ ਕੁਝ ਬੁੱਧਵਾਨਾਂ ਨੇ ਦੱਸਿਆ ਅਤੇ ਨਾ ਛੁਪਾਇਆ,

19ਉਹਨਾਂ ਇੱਕਲਿਆਂ ਨੂੰ ਹੀ ਦੇਸ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ,
20ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਸਾਲ ਗਿਣ ਕੇ ਰੱਖੇ ਹੋਏ ਹਨ।
21ਭੈਅ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ, ਸ਼ਾਂਤੀ ਦੇ ਸਮੇਂ ਵੀ ਲੁਟੇਰਾ ਉਹਨਾਂ ਉੱਤੇ ਆ ਪੈਂਦਾ ਹੈ,
22ਉਹ ਨੂੰ ਵਿਸ਼ਵਾਸ ਨਹੀਂ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ, ਅਤੇ ਤਲਵਾਰ ਉਹ ਨੂੰ ਉਡੀਕਦੀ ਹੈ।
23ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਉਸ ਨੂੰ ਕਿੱਥੇ ਮਿਲੇਗੀ? ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ।
24ਪੀੜ ਅਤੇ ਦੁੱਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਗੂੰ ਜੋ ਯੁੱਧ ਲਈ ਤਿਆਰ ਹੈ, ਉਹ ਉਸ ਉੱਤੇ ਪਰਬਲ ਹੁੰਦੇ ਹਨ,
25ਕਿਉਂ ਜੋ ਉਸ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,
26ਉਹ ਟੇਢੀ ਧੌਣ ਨਾਲ ਆਪਣੀ ਮੋਟੀਆਂ-ਮੋਟੀਆਂ ਨੋਕਦਾਰ ਢਾਲਾਂ ਵਿਖਾਉਂਦਾ ਹੋਇਆ ਘਮੰਡ ਨਾਲ ਉਸ ਉੱਤੇ ਦੌੜਦਾ ਹੈ।
27“ਉਸ ਨੇ ਆਪਣਾ ਚਿਹਰਾ ਚਰਬੀ ਨਾਲ ਢੱਕ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤੈਹਾਂ ਜਮਾਈਆਂ ਹਨ,
28ਉਹ ਉੱਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਵੱਸਦਾ, ਜਿਹੜੇ ਖੰਡਰ ਹੋਣ ਲਈ ਛੱਡ ਦਿੱਤੇ ਗਏ ਹਨ।
29ਉਹ ਧਨੀ ਨਾ ਹੋਵੇਗਾ ਨਾ ਉਹ ਦਾ ਮਾਲ ਬਣਿਆ ਰਹੇਗਾ, ਨਾ ਉਸ ਦੀ ਉਪਜ ਧਰਤੀ ਵੱਲ ਝੁਕੇਗੀ।
30ਉਹ ਹਨੇਰੇ ਤੋਂ ਨਾ ਨਿੱਕਲੇਗਾ, ਲਾਟਾਂ ਉਸ ਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ, ਅਤੇ ਪਰਮੇਸ਼ੁਰ ਦੇ ਮੂੰਹ ਦੇ ਸਾਹ ਨਾਲ ਉਹ ਜਾਂਦਾ ਰਹੇਗਾ।
31ਉਹ ਵਿਅਰਥ ਗੱਲਾਂ ਉੱਤੇ ਭਰੋਸਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿਉਂ ਜੋ ਉਸ ਦਾ ਬਦਲਾ ਵਿਅਰਥ ਹੀ ਹੋਵੇਗਾ।
32ਉਹ ਆਪਣੇ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੇਗੀ।
33ਦਾਖ ਦੀ ਕੱਚੀ ਵੇਲ ਵਾਂਗੂੰ ਉਸ ਦੇ ਫਲ ਝੜ ਜਾਣਗੇ ਅਤੇ ਜ਼ੈਤੂਨ ਦੇ ਫੁੱਲ ਵਾਂਗੂੰ ਉਸ ਦੇ ਫੁੱਲ ਡਿੱਗ ਪੈਣਗੇ।
34ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ।
35ਉਨ੍ਹਾਂ ਦੇ ਗਰਭ ਵਿੱਚ ਮੁਸੀਬਤ ਪੈਂਦੀ ਹੈ ਅਤੇ ਉਹ ਬਦੀ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ।”