Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 32

Help us?
Click on verse(s) to share them!
1ਤਦ ਇਹਨਾਂ ਤਿੰਨਾਂ ਮਨੁੱਖਾਂ ਨੇ ਅੱਯੂਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ
2ਫੇਰ ਬਰਕਏਲ ਬੂਜ਼ੀ ਦਾ ਪੁੱਤਰ ਅਲੀਹੂ ਜੋ ਰਾਮ ਦੇ ਟੱਬਰ ਦਾ ਸੀ, ਉਸ ਦਾ ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅੱਯੂਬ ਉੱਤੇ ਇਸ ਲਈ ਭੜਕਿਆ ਕਿਉਂਕਿ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਠਹਿਰਾਇਆ ਨਾ ਕਿ ਪਰਮੇਸ਼ੁਰ ਨੂੰ,
3ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਹ ਅੱਯੂਬ ਨੂੰ ਉੱਤਰ ਨਾ ਦੇ ਸਕੇ, ਤਾਂ ਵੀ ਉਹਨਾਂ ਨੇ ਅੱਯੂਬ ਨੂੰ ਦੋਸ਼ੀ ਠਹਿਰਾਇਆ।
4ਅਲੀਹੂ ਅੱਯੂਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂ ਜੋ ਉਹ ਉਮਰ ਵਿੱਚ ਉਸ ਤੋਂ ਵੱਡੇ ਸਨ।
5ਜਦ ਅਲੀਹੂ ਨੇ ਵੇਖਿਆ ਕਿ ਇਹਨਾਂ ਤਿੰਨਾਂ ਮਨੁੱਖਾਂ ਵਿੱਚੋਂ ਕੋਈ ਉੱਤਰ ਨਹੀਂ ਦਿੰਦਾ, ਤਦ ਉਸ ਦਾ ਕ੍ਰੋਧ ਭੜਕ ਗਿਆ।
6ਤਦ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ, “ਮੈਂ ਅਜੇ ਜੁਆਨ ਹਾਂ, ਅਤੇ ਤੁਸੀਂ ਵੱਡੀ ਉਮਰ ਦੇ ਹੋ, ਇਸ ਲਈ ਮੈਂ ਰੁਕਿਆ ਰਿਹਾ ਅਤੇ ਤੁਹਾਨੂੰ ਆਪਣੇ ਵਿਚਾਰ ਦੱਸਣ ਤੋਂ ਡਰਦਾ ਸੀ।
7ਮੈਂ ਸੋਚਦਾ ਸੀ ਕਿ ਜੋ ਉਮਰ ਵਿੱਚ ਵੱਡੇ ਹਨ, ਉਹ ਬੋਲਣ ਅਤੇ ਬਹੁਤ ਸਾਲਾਂ ਦੇ ਹਨ ਉਹ ਬੁੱਧ ਸਿਖਾਉਣ,
8ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ, ਅਤੇ ਸਰਬ ਸ਼ਕਤੀਮਾਨ ਪਰਮੇਸ਼ੁਰ ਦਾ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ।
9ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ, ਅਤੇ ਸਿਰਫ਼ ਬਜ਼ੁਰਗ ਹੀ ਨਿਆਂ ਨੂੰ ਸਮਝਣ ਵਾਲੇ ਨਹੀਂ ਹੁੰਦੇ।
10“ਇਸ ਲਈ ਮੈਂ ਆਖਦਾ ਹਾਂ, ਮੇਰੀ ਸੁਣੋ, ਮੈਂ ਵੀ ਆਪਣੇ ਵਿਚਾਰ ਦੱਸਾਂਗਾ।
11ਵੇਖੋ, ਮੈਂ ਤੁਹਾਡੀਆਂ ਗੱਲਾਂ ਸੁਣਨ ਲਈ ਠਹਿਰਿਆ ਰਿਹਾ, ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ, ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸੀ!
12ਮੈਂ ਤੁਹਾਡੀਆਂ ਗੱਲਾਂ ਉੱਤੇ ਧਿਆਨ ਕੀਤਾ, ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅੱਯੂਬ ਨੂੰ ਗਲਤ ਸਾਬਤ ਕਰ ਸਕਦਾ, ਜਾਂ ਉਹ ਦੀਆਂ ਗੱਲਾਂ ਦਾ ਉੱਤਰ ਦਿੰਦਾ।
13ਤੁਸੀਂ ਇਹ ਨਾ ਸਮਝੋ ਕਿ ਸਾਨੂੰ ਹੀ ਬੁੱਧ ਮਿਲੀ ਹੈ, ਕਿ ਪਰਮੇਸ਼ੁਰ ਹੀ ਉਸ ਦੇ ਤਰਕ ਨੂੰ ਰੱਦ ਕਰ ਸਕਦਾ ਹੈ ਨਾ ਕਿ ਮਨੁੱਖ,
14ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ, ਅਤੇ ਨਾ ਮੈਂ ਤੁਹਾਡੇ ਵਿਤਰਕਾਂ ਨਾਲ ਉਸ ਨੂੰ ਉੱਤਰ ਦਿਆਂਗਾ।
15“ਉਹ ਘਬਰਾ ਗਏ ਅਤੇ ਹੋਰ ਉੱਤਰ ਨਹੀਂ ਦਿੱਤਾ, ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ।
16ਕੀ ਮੈਂ ਠਹਿਰਿਆ ਰਹਾਂ ਜਦ ਕਿ ਉਹ ਬੋਲਦੇ ਨਹੀਂ, ਕਿਉਂ ਜੋ ਉਹ ਖੜ੍ਹੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ?
17ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣੇ ਵਿਚਾਰ ਦੱਸਾਂਗਾ।
18ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ, ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਮਜ਼ਬੂਰ ਕਰਦਾ ਹੈ।

19ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ, ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ।
20ਮੈਂ ਬੋਲਾਂਗਾ ਤਾਂ ਜੋ ਮੈਨੂੰ ਆਰਾਮ ਆਵੇ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਉੱਤਰ ਦਿਆਂਗਾ।
21ਮੈਂ ਕਦੀ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ, ਨਾ ਕਿਸੇ ਮਨੁੱਖ ਦੀ ਚਾਪਲੂਸੀ ਕਰਾਂਗਾ,
22ਕਿਉਂ ਜੋ ਮੈਨੂੰ ਕਿਸੇ ਦੀ ਚਾਪਲੂਸੀ ਕਰਨੀ ਆਉਂਦੀ ਹੀ ਨਹੀਂ, ਨਹੀਂ ਤਾਂ ਮੇਰਾ ਸਿਰਜਣਹਾਰ ਮੈਨੂੰ ਛੇਤੀ ਚੁੱਕ ਲਵੇਗਾ।”