Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 29

Help us?
Click on verse(s) to share them!
1ਅੱਯੂਬ ਨੇ ਤਰਕ ਦੇ ਕੇ ਆਖਿਆ,
2“ਕਾਸ਼ ਕਿ ਮੇਰੇ ਹਾਲਾਤ ਪ੍ਰਾਚੀਨ ਮਹੀਨਿਆਂ ਜਿਹੇ ਹੁੰਦੇ, ਜਿਵੇਂ ਉਨ੍ਹਾਂ ਦਿਨਾਂ ਵਿੱਚ ਜਦ ਪਰਮੇਸ਼ੁਰ ਮੇਰੀ ਪਾਲਣਾ ਕਰਦਾ ਸੀ,
3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਹਨੇਰੇ ਵਿੱਚ ਚੱਲਦਾ ਸੀ,
4ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸੀ, ਜਦ ਪਰਮੇਸ਼ੁਰ ਦੀ ਮਿੱਤਰਤਾ ਮੇਰੇ ਤੰਬੂ ਉੱਤੇ ਹੀ ਸੀ,
5ਜਦ ਸਰਬ ਸ਼ਕਤੀਮਾਨ ਪਰਮੇਸ਼ੁਰ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ-ਦੁਆਲੇ ਸਨ,
6ਤਦ ਮੇਰੇ ਕਦਮ ਦਹੀਂ ਨਾਲ ਧੋਤੇ ਜਾਂਦੇ, ਅਤੇ ਚੱਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ।
7“ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ ਸੀ,
8ਤਦ ਜੁਆਨ ਮੈਨੂੰ ਵੇਖ ਕੇ ਪਿੱਛੇ ਹਟ ਜਾਂਦੇ, ਅਤੇ ਬਜ਼ੁਰਗ ਉੱਠ ਖੜ੍ਹੇ ਹੁੰਦੇ ਸਨ।
9ਹਾਕਮ ਗੱਲਾਂ ਕਰਨੋਂ ਰੁੱਕ ਜਾਂਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ।
10ਪ੍ਰਧਾਨਾਂ ਦੀ ਅਵਾਜ਼ ਬੰਦ ਹੋ ਜਾਂਦੀ, ਅਤੇ ਉਹਨਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ।
11ਜੋ ਕੋਈ ਮੈਨੂੰ ਸੁਣਦਾ ਤਾਂ ਉਹ ਮੈਨੂੰ ਧੰਨ ਆਖਦਾ ਸੀ, ਅਤੇ ਜਦ ਕੋਈ ਮੈਨੂੰ ਵੇਖਦਾ ਤਦ ਮੇਰੇ ਵਿਖੇ ਉਹ ਸਾਖੀ ਦਿੰਦਾ ਸੀ,
12ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸੀ ਜਦੋਂ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦੋਂ ਉਹ ਦਾ ਕੋਈ ਸਹਾਇਕ ਨਹੀਂ ਸੀ।
13ਨਾਸ ਹੋਣ ਵਾਲੇ ਵੀ ਮੈਨੂੰ ਬਰਕਤ ਦਿੰਦੇ ਸਨ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ।
14ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਂ ਚੋਗੇ ਅਤੇ ਪਗੜੀ ਜਿਹਾ ਸੀ,
15ਮੈਂ ਅੰਨ੍ਹਿਆਂ ਲਈ ਅੱਖਾਂ ਸੀ, ਅਤੇ ਲੰਗੜਿਆਂ ਲਈ ਪੈਰ ਠਹਿਰਦਾ ਸੀ,
16ਮੈਂ ਕੰਗਾਲਾਂ ਲਈ ਪਿਤਾ ਸੀ, ਅਤੇ ਮੈਂ ਨਾਵਾਕਿਫ਼ ਦੇ ਮੁਕੱਦਮੇ ਦੀ ਵੀ ਪੜਤਾਲ ਕਰਦਾ ਸੀ
17ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ।
18“ਤਦ ਮੈਂ ਸੋਚਦਾ ਸੀ, ਮੇਰੇ ਦਿਨ ਰੇਤ ਦੇ ਕਣਾਂ ਜਿੰਨੇ ਅਣਗਿਣਤ ਹੋਣਗੇ ਅਤੇ ਮੈਂ ਆਪਣੇ ਵਸੇਬੇ ਵਿੱਚ ਮਰਾਂਗਾ।

19ਮੇਰੀਆਂ ਜੜ੍ਹਾਂ ਪਾਣੀ ਤੱਕ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ।
20ਮੇਰਾ ਪਰਤਾਪ ਬਣਿਆ ਰਹੇਗਾ, ਅਤੇ ਮੇਰਾ ਧਣੁੱਖ ਮੇਰੇ ਹੱਥ ਵਿੱਚ ਸਦਾ ਨਵਾਂ ਬਣਿਆ ਰਹੇਗਾ।
21“ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ ਸਨ।
22ਮੇਰੇ ਬੋਲਣ ਦੇ ਮਗਰੋਂ ਉਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਹਨਾਂ ਉੱਤੇ ਮੀਂਹ ਦੀ ਤਰ੍ਹਾਂ ਵਰ੍ਹਦੀਆਂ ਸਨ।
23ਉਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ
24ਜਦ ਉਹ ਬੇਆਸ ਹੁੰਦੇ ਤਾਂ ਮੈਂ ਉਹਨਾਂ ਨੂੰ ਮੁਸਕਰਾ ਕੇ ਪ੍ਰਸੰਨ ਕਰਦਾ ਸੀ ਅਤੇ ਮੇਰੇ ਮੁੱਖ ਦਾ ਚਾਨਣ ਉਹਨਾਂ ਲਈ ਬਹੁਮੁੱਲਾ ਸੀ।
25ਮੈਂ ਉਹਨਾਂ ਦਾ ਰਾਹ ਚੁਣਦਾ ਸੀ ਅਤੇ ਪਰਮੁੱਖ ਹੋ ਕੇ ਬਹਿੰਦਾ ਸੀ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਗੂੰ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ।”