Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅੱਯੂਬ

ਅੱਯੂਬ 22

Help us?
Click on verse(s) to share them!
1ਫੇਰ ਅਲੀਫਾਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2“ਕੀ ਕੋਈ ਮਨੁੱਖ ਪਰਮੇਸ਼ੁਰ ਲਈ ਲਾਭਦਾਇਕ ਹੋ ਸਕਦਾ ਹੈ? ਸੱਚ-ਮੁੱਚ ਸਿਆਣਾ ਮਨੁੱਖ ਵੀ ਆਪਣੇ ਹੀ ਜੋਗਾ ਹੈ।
3ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ? ਜਾਂ ਤੇਰੀਆਂ ਖਰੀਆਂ ਚਾਲਾਂ ਨਾਲ ਉਹ ਨੂੰ ਕੀ ਲਾਭ ਹੁੰਦਾ ਹੈ?
4“ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ?
5ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਹੈ?
6ਕਿਉਂਕਿ ਤੂੰ ਆਪਣੇ ਭਰਾਵਾਂ ਦੀਆਂ ਵਸਤਾਂ ਬੇਵਜ੍ਹਾ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਵੀ ਕੱਪੜੇ ਲਾਹ ਲਏ ਹਨ।
7ਤੂੰ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਨੂੰ ਰੋਟੀ ਦੇਣ ਤੋਂ ਇਨਕਾਰ ਕੀਤਾ।
8ਬਲਵੰਤ ਮਨੁੱਖ ਨੂੰ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ-ਪ੍ਰਮੰਨਿਆ ਸੀ, ਉਹ ਉਸ ਵਿੱਚ ਵੱਸ ਗਿਆ।
9ਤੂੰ ਵਿਧਵਾਵਾਂ ਨੂੰ ਖਾਲੀ ਮੋੜ ਦਿੱਤਾ, ਅਤੇ ਯਤੀਮਾਂ ਦੀਆਂ ਬਾਹਾਂ ਭੰਨ ਦਿੱਤੀਆਂ।
10ਇਸ ਲਈ ਫੰਦੇ ਤੇਰੇ ਆਲੇ-ਦੁਆਲੇ ਹਨ, ਅਤੇ ਅਚਾਨਕ ਆਉਣ ਵਾਲੇ ਭੈਅ ਤੋਂ ਤੂੰ ਘਬਰਾਉਂਦਾ ਹੈ!
11ਕੀ ਤੂੰ ਹਨੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ?
12“ਕੀ ਪਰਮੇਸ਼ੁਰ ਸਵਰਗ ਦੀ ਉਚਿਆਈ ਵਿੱਚ ਨਹੀਂ? ਤਾਰਿਆਂ ਦੀ ਉਚਿਆਈ ਵੇਖ ਕਿ ਉਹ ਕਿੰਨੇ ਉੱਚੇ ਹਨ!
13ਅਤੇ ਤੂੰ ਆਖਦਾ ਹੈਂ, ਪਰਮੇਸ਼ੁਰ ਕੀ ਜਾਣਦਾ ਹੈ? ਕੀ ਉਹ ਘੁੱਪ ਹਨੇਰੇ ਵਿੱਚੋਂ ਨਿਆਂ ਕਰ ਸਕਦਾ ਹੈ?
14ਬੱਦਲਾਂ ਦੀਆਂ ਘਟਾਂ ਉਹ ਦਾ ਪਰਦਾ ਹਨ, ਤਾਂ ਜੋ ਉਹ ਵੇਖ ਨਾ ਸਕੇ, ਅਤੇ ਉਹ ਤਾਂ ਅਕਾਸ਼ ਮੰਡਲ ਉੱਤੇ ਹੀ ਚਲਦਾ ਫਿਰਦਾ ਹੈ।
15ਕੀ ਤੂੰ ਉਸ ਪੁਰਾਣੇ ਰਾਹ ਨੂੰ ਫੜ੍ਹ ਕੇ ਰੱਖੇਂਗਾ, ਜਿਸ ਵਿੱਚ ਦੁਸ਼ਟ ਮਨੁੱਖ ਚਲਦੇ ਸਨ?
16ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਚੁੱਕੇ ਗਏ, ਜਿਹਨਾਂ ਦੀ ਨੀਂਹ ਦਰਿਆ ਨਾਲ ਰੁੜ੍ਹ ਗਈ,
17ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ! ਅਤੇ ਸਰਬ ਸ਼ਕਤੀਮਾਨ ਪਰਮੇਸ਼ੁਰ ਸਾਡਾ ਕੀ ਕਰ ਸਕਦਾ ਹੈ?
18ਤਾਂ ਵੀ ਉਸ ਨੇ ਉਹਨਾਂ ਦੇ ਘਰਾਂ ਨੂੰ ਉੱਤਮ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ!

19ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ,
20ਸੱਚ-ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਹਨਾਂ ਦੀ ਰਹਿੰਦ-ਖੁਹੰਦ ਨੂੰ ਭੱਖ ਲਿਆ!
21“ਪਰਮੇਸ਼ੁਰ ਦੇ ਨਾਲ ਮਿਲਿਆ ਰਹਿ ਅਤੇ ਸੁਖੀ ਰਹਿ, ਤਾਂ ਤੇਰੀ ਭਲਿਆਈ ਹੋਵੇਗੀ।
22ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦੇ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ।
23ਜੇ ਤੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਂ ਅਤੇ ਜੇ ਤੂੰ ਬਦੀ ਆਪਣੇ ਤੰਬੂਆਂ ਵਿੱਚੋਂ ਦੂਰ ਕਰੇਂ, ਤਾਂ ਤੂੰ ਬਣਿਆ ਰਹੇਂਗਾ,
24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਸਗੋਂ ਓਫੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ,
25ਤਾਂ ਸਰਬ ਸ਼ਕਤੀਮਾਨ ਆਪ ਤੇਰਾ ਸੋਨਾ, ਅਤੇ ਤੇਰੀ ਅਣਮੁੱਲ ਚਾਂਦੀ ਹੋਵੇਗਾ।
26ਤਦ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ।
27ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਂਗਾ।
28ਜੋ ਕੁਝ ਤੂੰ ਕਰਨਾ ਚਾਹੇਂ, ਉਹ ਤੇਰੇ ਲਈ ਠਹਿਰਾਈ ਜਾਵੇਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ।
29ਜਦ ਉਹ ਤੈਨੂੰ ਨੀਵਾਂ ਕਰਨ ਤਾਂ ਤੂੰ ਆਖੇਂਗਾ ਕਿ ਇਹ ਤਾਂ ਉੱਚਾ ਹੋਣਾ ਹੈ! ਕਿਉਂਕਿ ਉਹ ਦੀਨ ਮਨੁੱਖ ਨੂੰ ਬਚਾਵੇਗਾ।
30ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਵੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸ਼ੁੱਧਤਾ ਨਾਲ ਤੂੰ ਬਚਾਇਆ ਜਾਵੇਂਗਾ।”