Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ

ਯਹੋਸ਼ੁ 5

Help us?
Click on verse(s) to share them!
1ਜਦ ਅਮੋਰੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ ਸਨ ਅਤੇ ਕਨਾਨੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਸਮੁੰਦਰ ਦੇ ਨੇੜੇ ਸਨ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁੱਕਾ ਦਿੱਤਾ ਜਦ ਤੱਕ ਉਹ ਪਾਰ ਨਾ ਲੰਘੇ ਤਾਂ ਉਹਨਾਂ ਦੇ ਮਨ ਘਬਰਾ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦੇ ਕਾਰਨ ਹਿੰਮਤ ਨਾ ਰਹੀ।
2ਉਸ ਵੇਲੇ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਆਪਣੇ ਲਈ ਚਕਮਕ ਪੱਥਰ ਦੀਆਂ ਛੁਰੀਆਂ ਬਣਾ ਅਤੇ ਦੂਜੀ ਵਾਰ ਇਸਰਾਏਲੀਆਂ ਦੀ ਸੁੰਨਤ ਕਰਾ।
3ਤਦ ਯਹੋਸ਼ੁਆ ਨੇ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾਈਆਂ ਅਤੇ ਖਲੜੀਆਂ ਦੇ ਟਿੱਬੇ ਕੋਲ ਇਸਰਾਏਲੀਆਂ ਦੀ ਸੁੰਨਤ ਕਰਾਈ।
4ਯਹੋਸ਼ੁਆ ਨੇ ਜੋ ਸੁੰਨਤ ਕਰਾਈ ਉਸ ਦਾ ਕਾਰਨ ਇਹ ਸੀ ਕਿ ਉਹ ਸਾਰੇ ਲੋਕ ਜਿਹੜੇ ਮਿਸਰ ਤੋਂ ਨਿੱਕਲੇ ਸਨ ਅਰਥਾਤ ਉਹ ਨਰ ਜਿਹੜੇ ਸਾਰੇ ਯੋਧੇ ਸਨ, ਉਹ ਸਾਰੇ ਮਿਸਰੋਂ ਨਿੱਕਲਣ ਦੇ ਰਾਹ ਵਿੱਚ ਉਜਾੜ ਦੇ ਵਿੱਚਕਾਰ ਮਰ ਗਏ ਸਨ।
5ਸਾਰੇ ਲੋਕਾਂ ਦੀ ਜਿਹੜੇ ਮਿਸਰ ਵਿੱਚੋਂ ਨਿੱਕਲੇ ਸਨ, ਉਹਨਾਂ ਦੀ ਸੁੰਨਤ ਹੋ ਚੁਕੀ ਸੀ ਪਰ ਜਿੰਨ੍ਹੇ ਲੋਕ ਮਿਸਰ ਤੋਂ ਨਿੱਕਲਣ ਦੇ ਪਿੱਛੋਂ ਉਜਾੜ ਦੇ ਰਾਹ ਵਿੱਚ ਜੰਮੇ ਉਹਨਾਂ ਦੀ ਸੁੰਨਤ ਨਹੀਂ ਹੋਈ ਸੀ।
6ਕਿਉਂ ਜੋ ਇਸਰਾਏਲੀ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਦੇ ਰਹੇ, ਜਦ ਤੱਕ ਸਾਰੀ ਕੌਮ ਦੇ ਯੋਧੇ ਜਿਹੜੇ ਮਿਸਰੋਂ ਨਿੱਕਲੇ ਸਨ ਨਾਸ ਨਾ ਹੋ ਗਏ, ਇਸ ਲਈ ਕਿ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਜਿਨ੍ਹਾਂ ਨਾਲ ਯਹੋਵਾਹ ਨੇ ਸਹੁੰ ਖਾਧੀ ਸੀ ਕਿ ਉਹ ਉਹਨਾਂ ਨੂੰ ਉਹ ਧਰਤੀ ਵਿਖਾਲੇਗਾ ਵੀ ਨਹੀਂ ਜਿਹ ਦੀ ਯਹੋਵਾਹ ਨੇ ਉਹਨਾਂ ਦੇ ਪੁਰਖਿਆਂ ਨਾਲ ਸਾਨੂੰ ਦੇਣ ਦੀ ਸਹੁੰ ਖਾਧੀ ਸੀ ਅਰਥਾਤ ਇੱਕ ਧਰਤੀ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।
7ਜਿਹੜੇ ਬੱਚੇ ਉਹਨਾਂ ਦੇ ਥਾਂ ਉੱਠੇ ਯਹੋਸ਼ੁਆ ਨੇ ਉਹਨਾਂ ਦੀ ਸੁੰਨਤ ਕਰਾਈ ਕਿਉਂ ਜੋ ਉਹ ਅਸੁੰਨਤੀ ਸਨ ਇਸ ਲਈ ਕਿ ਰਾਹ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸੁੰਨਤ ਨਹੀਂ ਕਰਾਈ ਸੀ।
8ਜਦ ਸਾਰੀ ਕੌਮ ਦੀ ਸੁੰਨਤ ਕਰ ਚੁੱਕੇ ਤਾਂ ਜਦ ਤੱਕ ਉਹ ਚੰਗੇ ਨਾ ਹੋਏ ਉਹ ਆਪੋ ਆਪਣੇ ਥਾਂ ਡੇਰੇ ਵਿੱਚ ਰਹੇ।
9ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਅੱਜ ਦੇ ਦਿਨ ਮੈਂ ਤੁਹਾਡੇ ਉੱਤੋਂ ਮਿਸਰ ਦੀ ਬਦਨਾਮੀ ਦੂਰ ਕਰ ਦਿੱਤੀ ਹੈ। ਇਸ ਕਾਰਨ ਉਹ ਥਾਂ ਅੱਜ ਦੇ ਦਿਨ ਤੱਕ ਗਿਲਗਾਲ ਅਖਵਾਉਂਦਾ ਹੈ।
10ਫਿਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ, ਉਹਨਾਂ ਨੇ ਯਰੀਹੋ ਦੇ ਮੈਦਾਨ ਵਿੱਚ ਉਸ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਸ਼ਾਮਾਂ ਦੇ ਵੇਲੇ ਪਸਾਹ ਦਾ ਪਰਬ ਮਨਾਇਆ।
11ਪਸਾਹ ਦੇ ਇੱਕ ਦਿਨ ਤੋਂ ਬਾਅਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਣੇ ਅਤੇ ਪਤੀਰੀ ਰੋਟੀ ਉਸੇ ਦਿਨ ਖਾਧੀ।
12ਜਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮੰਨਾ ਬੰਦ ਹੋ ਗਿਆ। ਫਿਰ ਇਸਰਾਏਲੀਆਂ ਨੂੰ ਮੰਨਾ ਕਦੀ ਨਾ ਮਿਲਿਆ ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ ਦੀ ਪੈਦਾਵਾਰ ਤੋਂ ਖਾਧਾ।
13ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਵੇਖਿਆ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਨੰਗੀ ਤਲਵਾਰ ਲਈ ਉਹ ਦੇ ਸਾਹਮਣੇ ਖੜ੍ਹਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ, “ਕੀ ਤੂੰ ਸਾਡੀ ਵੱਲ ਹੈਂ ਜਾਂ ਸਾਡੇ ਵੈਰੀਆਂ ਵੱਲ?”
14ਉਸ ਨੇ ਆਖਿਆ, “ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ,” ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ?
15ਯਹੋਵਾਹ ਦੇ ਸੈਨਾਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜ੍ਹਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਸੇ ਤਰ੍ਹਾਂ ਹੀ ਕੀਤਾ।