Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਹੋਸ਼ੁ

ਯਹੋਸ਼ੁ 4

Help us?
Click on verse(s) to share them!
1ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ, ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
2ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਚੁਣ ਲਵੋ, ਹਰੇਕ ਗੋਤ ਵਿੱਚੋਂ ਇੱਕ ਮਨੁੱਖ
3ਅਤੇ ਉਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਵੋ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਜਗ੍ਹਾ ਵਿੱਚ ਰੱਖੋ ਜਿੱਥੇ ਅੱਜ ਦਿਨ ਰਾਤ ਵਸੇਰਾ ਕਰਨਾ ਹੈ।
4ਤਦ ਯਹੋਸ਼ੁਆ ਨੇ ਉਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ-ਇੱਕ ਮਨੁੱਖ ਹਰ ਇੱਕ ਗੋਤ ਪਿੱਛੇ ਤਿਆਰ ਕੀਤਾ ਸੀ।
5ਯਹੋਸ਼ੁਆ ਨੇ ਉਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦੇ ਗੋਤਾਂ ਦੇ ਅਨੁਸਾਰ ਇੱਕ-ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ।
6ਇਸ ਲਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਕਿ ਇਹਨਾਂ ਪੱਥਰਾਂ ਦਾ ਕੀ ਮਤਲਬ ਹੈ?
7ਤਦ ਤੁਸੀਂ ਉਹਨਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ ਸਨ! ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ, ਇਸ ਲਈ ਇਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਣਗੇ।
8ਉਸ ਤੋਂ ਬਾਅਦ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਉਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ।
9ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹਨ।
10ਕਿਉਂ ਜੋ ਉਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੱਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾਂ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਹਨਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਨੇ ਛੇਤੀ ਕੀਤੀ ਅਤੇ ਪਾਰ ਲੰਘ ਗਏ।
11ਇਸ ਤਰ੍ਹਾਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ।
12ਫਿਰ ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ।
13ਤਦ ਚਾਲ੍ਹੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਯੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮੈਦਾਨ ਵਿੱਚ ਲੜਾਈ ਲਈ ਪਾਰ ਲੰਘੇ।
14ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਉਹ ਮੂਸਾ ਕੋਲੋਂ ਉਸ ਦੀ ਸਾਰੀ ਉਮਰ ਤੱਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ।
15ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,
16ਉਹਨਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਉਹ ਯਰਦਨ ਤੋਂ ਬਾਹਰ ਆਉਣ।
17ਉਸ ਤੋਂ ਬਾਅਦ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਬਾਹਰ ਆਓ।
18ਤਦ ਇਸ ਤਰ੍ਹਾਂ ਹੋਇਆ ਕਿ ਜਦ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਬਾਹਰ ਆਏ ਅਤੇ ਜਦ ਉਹਨਾਂ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੇ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਗੂੰ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।

19ਤਦ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ।
20ਯਹੋਸ਼ੁਆ ਨੇ ਉਹਨਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜ੍ਹਾ ਕੀਤਾ।
21ਤਦ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਵਿੱਚ ਆਪਣਿਆਂ ਪਿਤਾਵਾਂ ਕੋਲੋਂ ਪੁੱਛਣ ਕਿ ਇਹ ਪੱਥਰ ਇੱਥੇ ਕਿਉਂ ਹਨ।
22ਤਦ ਤੁਸੀਂ ਆਪਣੇ ਬਾਲਕਾਂ ਨੂੰ ਸਮਝਾਇਓ ਕਿ ਇਸਰਾਏਲ ਇਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ।
23ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੱਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਦ ਤੱਕ ਅਸੀਂ ਪਾਰ ਨਾ ਲੰਘੇ।
24ਇਸ ਲਈ ਕਿ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੱਕ ਡਰਦੇ ਰਿਹਾ ਕਰੋ।