4ਹਾਬਲ ਵੀ ਇੱਜੜ ਦੇ ਪਹਿਲੌਠਿਆਂ ਨੂੰ ਅਤੇ ਉਨ੍ਹਾਂ ਦੀ ਚਰਬੀ ਵਿੱਚੋਂ ਕੁਝ ਲੈ ਆਇਆ, ਅਤੇ ਯਹੋਵਾਹ ਨੇ ਹਾਬਲ ਨੂੰ ਅਤੇ ਉਹ ਦੀ ਭੇਟ ਨੂੰ ਪਸੰਦ ਕੀਤਾ।
5ਪਰ ਕਾਇਨ ਅਤੇ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਤੇ ਉਹ ਦਾ ਚਿਹਰਾ ਉਦਾਸ ਹੋ ਗਿਆ।
6ਤਦ ਯਹੋਵਾਹ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈਂ ਅਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ?
7ਜੇ ਤੂੰ ਭਲਾ ਨਾ ਕਰੇਂ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।
8ਫੇਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ, ਤਾਂ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਸ ਨੂੰ ਮਾਰ ਦਿੱਤਾ।
9ਤਦ ਯਹੋਵਾਹ ਨੇ ਕਾਇਨ ਨੂੰ ਪੁੱਛਿਆ, ਤੇਰਾ ਭਰਾ ਹਾਬਲ ਕਿੱਥੇ ਹੈ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖ਼ਾ ਹਾਂ?
10ਫੇਰ ਉਸ ਨੇ ਆਖਿਆ, ਤੂੰ ਇਹ ਕੀ ਕੀਤਾ ਹੈ? ਤੇਰੇ ਭਰਾ ਦਾ ਲਹੂ ਜ਼ਮੀਨ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ।
11ਇਸ ਲਈ ਹੁਣ ਤੂੰ ਜ਼ਮੀਨ ਤੋਂ, ਜਿਸ ਨੇ ਆਪਣਾ ਮੂੰਹ ਤੇਰੇ ਭਰਾ ਦਾ ਲਹੂ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ, ਸਰਾਪੀ ਹੋਇਆ ਹੈਂ।
12ਜਦ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵੇਂਗਾ।
13ਕਾਇਨ ਨੇ ਯਹੋਵਾਹ ਨੂੰ ਆਖਿਆ, ਮੇਰੀ ਸਜ਼ਾ ਸਹਿਣ ਤੋਂ ਬਾਹਰ ਹੈ।
14ਵੇਖ ਤੂੰ ਅੱਜ ਦੇ ਦਿਨ ਮੈਨੂੰ ਇਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਅਤੇ ਮੈਂ ਤੇਰੇ ਅੱਗੋਂ ਲੁੱਕ ਜਾਂਵਾਂਗਾ, ਮੈਂ ਧਰਤੀ ਉੱਤੇ ਭਗੌੜਾ ਅਤੇ ਭਟਕਣ ਵਾਲਾ ਹੋਵਾਂਗਾ ਅਤੇ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਮਾਰ ਸੁੱਟੇਗਾ।
15ਤਦ ਯਹੋਵਾਹ ਨੇ ਉਹ ਨੂੰ ਆਖਿਆ ਜੋ ਕੋਈ ਕਾਇਨ ਨੂੰ ਮਾਰੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਅਜਿਹਾ ਨਾ ਹੋਵੇ ਕਿ ਕੋਈ ਉਹ ਨੂੰ ਲੱਭ ਕੇ ਮਾਰ ਸੁੱਟੇ।
16ਸੋ ਕਾਇਨ ਯਹੋਵਾਹ ਦੇ ਹਜ਼ੂਰੋਂ ਚੱਲਿਆ ਗਿਆ ਅਤੇ ਅਦਨ ਦੇ ਪੂਰਬ ਵੱਲ ਨੋਦ ਦੇਸ਼ ਵਿੱਚ ਜਾ ਕੇ ਵੱਸ ਗਿਆ।