Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਉਤ

ਉਤ 13

Help us?
Click on verse(s) to share them!
1ਤਦ ਅਬਰਾਮ ਆਪਣੀ ਪਤਨੀ ਅਤੇ ਸਭ ਕੁਝ ਜੋ ਉਹ ਦੇ ਕੋਲ ਸੀ ਅਤੇ ਲੂਤ ਨੂੰ ਵੀ ਆਪਣੇ ਨਾਲ ਲੈ ਕੇ ਮਿਸਰ ਤੋਂ ਕਨਾਨ ਦੇ ਦੱਖਣ ਵੱਲ ਗਿਆ।
2ਅਬਰਾਮ ਪਸ਼ੂਆਂ ਅਤੇ ਸੋਨੇ ਚਾਂਦੀ ਵਿੱਚ ਵੱਡਾ ਧਨਵਾਨ ਸੀ।
3ਉਹ ਦੱਖਣ ਤੋਂ ਸਫ਼ਰ ਕਰਦਾ ਬੈਤਏਲ ਦੀ ਉਸ ਥਾਂ ਤੱਕ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਆਪਣਾ ਤੰਬੂ ਬੈਤਏਲ ਅਤੇ ਅਈ ਦੇ ਵਿਚਕਾਰ ਲਾਇਆ ਸੀ।
4ਇਹ ਸਥਾਨ ਉਸ ਜਗਵੇਦੀ ਦਾ ਹੈ, ਜੋ ਉਸ ਨੇ ਪਹਿਲਾਂ ਬਣਾਈ ਸੀ ਅਤੇ ਉੱਥੇ ਅਬਰਾਮ ਨੇ ਯਹੋਵਾਹ ਨੂੰ ਪੁਕਾਰਿਆ ਸੀ।
5ਲੂਤ ਦੇ ਕੋਲ ਵੀ ਜਿਹੜਾ ਅਬਰਾਮ ਨਾਲ ਚੱਲਦਾ ਸੀ, ਇੱਜੜ, ਗਾਈਆਂ-ਬਲ਼ਦ ਅਤੇ ਪਰਿਵਾਰ ਦੇ ਲੋਕ ਸਨ।
6ਇਸ ਲਈ ਉਸ ਦੇਸ਼ ਵਿੱਚ ਉਨ੍ਹਾਂ ਦੋਵਾਂ ਦੇ ਇਕੱਠੇ ਰਹਿਣ ਲਈ ਸਥਾਨ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਇੰਨ੍ਹਾਂ ਮਾਲ-ਧਨ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ।
7ਅਬਰਾਮ ਅਤੇ ਲੂਤ ਦੇ ਆਜੜੀਆਂ ਵਿਚਕਾਰ ਝਗੜਾ ਹੋ ਗਿਆ। ਉਸ ਸਮੇਂ ਕਨਾਨੀ ਅਤੇ ਫ਼ਰਿੱਜ਼ੀ ਲੋਕ ਉਸ ਦੇਸ਼ ਵਿੱਚ ਵੱਸਦੇ ਸਨ।
8ਅਬਰਾਮ ਨੇ ਲੂਤ ਨੂੰ ਆਖਿਆ, ਮੇਰੇ ਅਤੇ ਤੇਰੇ ਵਿੱਚ, ਅਤੇ ਮੇਰੇ ਅਤੇ ਤੇਰੇ ਆਜੜੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਅਸੀਂ ਭਰਾ ਹਾਂ। ਭਲਾ, ਸਾਰਾ ਦੇਸ਼ ਤੇਰੇ ਅੱਗੇ ਨਹੀਂ ਹੈ?
9ਇਸ ਲਈ ਮੈਥੋਂ ਵੱਖਰਾ ਹੋ ਜਾ। ਜੇ ਤੂੰ ਖੱਬੇ ਪਾਸੇ ਜਾਵੇਂ, ਤਾਂ ਮੈਂ ਸੱਜੇ ਪਾਸੇ ਜਾਂਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ, ਤਾਂ ਮੈਂ ਖੱਬੇ ਪਾਸੇ ਜਾਂਵਾਂਗਾ।
10ਤਦ ਲੂਤ ਨੇ ਆਪਣੀਆਂ ਅੱਖਾਂ ਚੁੱਕ ਕੇ ਯਰਦਨ ਨਦੀ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਸਿੰਜਿਆ ਹੋਇਆ ਸੀ। ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਨਾਸ ਕੀਤਾ, ਤਦ ਤੱਕ ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਸਗੋਂ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਉਪਜਾਊ ਸੀ।
11ਇਸ ਲਈ ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣ ਲਿਆ ਅਤੇ ਪੂਰਬ ਵੱਲ ਚੱਲਿਆ ਗਿਆ ਅਤੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ।
12ਅਬਰਾਮ ਕਨਾਨ ਦੇਸ਼ ਵਿੱਚ ਵੱਸਿਆ ਪਰ ਲੂਤ ਉਸ ਮੈਦਾਨ ਦੇ ਨਗਰਾਂ ਵਿੱਚ ਵੱਸਿਆ ਅਤੇ ਸਦੂਮ ਦੇ ਕੋਲ ਆਪਣਾ ਤੰਬੂ ਲਾਇਆ।
13ਸਦੂਮ ਦੇ ਲੋਕ ਯਹੋਵਾਹ ਦੇ ਅੱਗੇ ਵੱਡੇ ਦੁਸ਼ਟ ਅਤੇ ਮਹਾਂ ਪਾਪੀ ਸਨ।
14ਜਦ ਅਬਰਾਮ ਲੂਤ ਤੋਂ ਅਲੱਗ ਹੋ ਗਿਆ ਤਾਂ ਯਹੋਵਾਹ ਨੇ ਅਬਰਾਮ ਨੂੰ ਆਖਿਆ, ਆਪਣੀਆਂ ਅੱਖਾਂ ਚੁੱਕ ਕੇ ਇਸ ਸਥਾਨ ਤੋਂ ਜਿੱਥੇ ਤੂੰ ਹੁਣ ਹੈਂ, ਉੱਤਰ-ਦੱਖਣ ਅਤੇ ਪੂਰਬ-ਪੱਛਮ ਵੱਲ ਵੇਖ,
15ਕਿਉਂਕਿ ਇਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ, ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਸਦਾ ਲਈ ਦੇ ਦਿਆਂਗਾ।
16ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜਿਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ, ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸਕੇਗਾ।
17ਉੱਠ ਅਤੇ ਇਸ ਦੇਸ਼ ਦੀ ਲੰਬਾਈ ਚੌੜਾਈ ਵਿੱਚ ਤੁਰ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਦਿਆਂਗਾ।
18ਇਸ ਤੋਂ ਬਾਅਦ ਅਬਰਾਮ ਨੇ ਆਪਣਾ ਤੰਬੂ ਪੁੱਟਿਆ ਅਤੇ ਮਮਰੇ ਦੇ ਬਲੂਤਾਂ ਕੋਲ, ਜਿਹੜੇ ਹਬਰੋਨ ਵਿੱਚ ਹਨ, ਜਾ ਵੱਸਿਆ ਅਤੇ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।