Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਉਤ

ਉਤ 6

Help us?
Click on verse(s) to share them!
1ਫਿਰ ਜਦ ਮਨੁੱਖ ਧਰਤੀ ਉੱਤੇ ਵਧਣ ਲੱਗ ਪਏ ਅਤੇ ਉਨ੍ਹਾਂ ਤੋਂ ਧੀਆਂ ਜੰਮੀਆਂ।
2ਤਦ ਪਰਮੇਸ਼ੁਰ ਦੇ ਪੁੱਤਰਾਂ ਨੇ ਮਨੁੱਖ ਦੀਆਂ ਧੀਆਂ ਨੂੰ ਵੇਖਿਆ ਕਿ ਉਹ ਸੋਹਣੀਆਂ ਹਨ, ਤਦ ਉਨ੍ਹਾਂ ਨੇ ਉਨ੍ਹਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ।
3ਯਹੋਵਾਹ ਨੇ ਆਖਿਆ, ਮੇਰਾ ਆਤਮਾ ਮਨੁੱਖ ਦੇ ਵਿਰੁੱਧ ਸਦਾ ਤੱਕ ਵਾਦ-ਵਿਵਾਦ ਨਹੀਂ ਕਰਦਾ ਰਹੇਗਾ ਕਿਉਂਕਿ ਉਹ ਸਰੀਰ ਹੀ ਹੈ, ਉਸ ਦੀ ਉਮਰ ਇੱਕ ਸੌ ਵੀਹ ਸਾਲਾਂ ਦੀ ਹੋਵੇਗੀ।
4ਉਨ੍ਹਾਂ ਦਿਨਾਂ ਵਿੱਚ ਧਰਤੀ ਉੱਤੇ ਦੈਂਤ ਵੱਸਦੇ ਸਨ ਅਤੇ ਇਸ ਤੋਂ ਬਾਅਦ ਜਦ ਪਰਮੇਸ਼ੁਰ ਦੇ ਪੁੱਤਰ ਆਦਮੀ ਦੀਆਂ ਧੀਆਂ ਕੋਲ ਆਏ ਅਤੇ ਉਨ੍ਹਾਂ ਨੇ ਉਨ੍ਹਾਂ ਲਈ ਜੋ ਪੁੱਤਰ ਜਣੇ ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।
5ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵੱਧ ਗਈ ਹੈ ਅਤੇ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਣ ਵਾਲਾ ਹਰੇਕ ਵਿਚਾਰ ਬੁਰਿਆਈ ਨਾਲ ਭਰਿਆ ਹੁੰਦਾ ਹੈ।
6ਯਹੋਵਾਹ ਧਰਤੀ ਉੱਤੇ ਆਦਮੀ ਦੀ ਸਿਰਜਣਾ ਕਰਕੇ ਪਛਤਾਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ।
7ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਸ ਦੀ ਮੈਂ ਰਚਨਾ ਕੀਤੀ, ਹੈ, ਆਦਮੀ, ਡੰਗਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ, ਕਿਉਂ ਜੋ ਮੈਂ ਉਨ੍ਹਾਂ ਨੂੰ ਬਣਾ ਕੇ ਪਛਤਾਉਂਦਾ ਹਾਂ।
8ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਹੋਈ।
9ਇਹ ਨੂਹ ਦੀ ਵੰਸ਼ਾਵਲੀ ਹੈ। ਨੂਹ ਇੱਕ ਧਰਮੀ ਮਨੁੱਖ ਸੀ, ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚਲਦਾ ਸੀ।
10ਨੂਹ ਦੇ ਤਿੰਨ ਪੁੱਤਰ ਸਨ ਅਰਥਾਤ ਸ਼ੇਮ, ਹਾਮ ਅਤੇ ਯਾਫ਼ਥ।
11ਧਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ।
12ਤਦ ਪਰਮੇਸ਼ੁਰ ਨੇ ਧਰਤੀ ਨੂੰ ਵੇਖਿਆ ਅਤੇ ਵੇਖੋ ਉਹ ਵਿਗੜੀ ਹੋਈ ਸੀ, ਕਿਉਂ ਜੋ ਸਾਰੇ ਮਨੁੱਖਾਂ ਨੇ ਆਪਣੇ ਚਾਲ-ਚਲਣ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ।
13ਪਰਮੇਸ਼ੁਰ ਨੇ ਨੂਹ ਨੂੰ ਆਖਿਆ, ਮੈਂ ਸਾਰੇ ਪ੍ਰਾਣੀਆਂ ਨੂੰ ਨਾਸ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਨ੍ਹਾਂ ਦੇ ਕਾਰਨ ਬੁਰਿਆਈ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸਮੇਤ ਨਾਸ ਕਰ ਦਿਆਂਗਾ।
14ਤੂੰ ਗੋਫ਼ਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ। ਤੂੰ ਉਸ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।
15ਉਹ ਨੂੰ ਇਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ, ਉਹ ਦੀ ਚੌੜਾਈ ਪੰਜਾਹ ਹੱਥ ਅਤੇ ਉਹ ਦੀ ਉਚਾਈ ਤੀਹ ਹੱਥ ਹੋਵੇ।
16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈਂ।
17ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂ ਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ, ਅਕਾਸ਼ ਦੇ ਹੇਠੋਂ ਨਾਸ ਕਰ ਦਿਆਂ। ਉਹ ਸਭ ਕੁਝ ਜਿਹੜਾ ਧਰਤੀ ਉੱਤੇ ਹੈ, ਪ੍ਰਾਣ ਛੱਡ ਦੇਵੇਗਾ।
18ਪਰ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ। ਤੂੰ ਕਿਸ਼ਤੀ ਵਿੱਚ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਜਾਵੀਂ।

19ਤੂੰ ਸਾਰੇ ਜੀਉਂਦੇ ਪ੍ਰਾਣੀਆਂ ਵਿੱਚੋਂ ਇੱਕ-ਇੱਕ ਜੋੜਾ ਅਰਥਾਤ ਨਰ ਅਤੇ ਮਾਦਾ ਕਿਸ਼ਤੀ ਵਿੱਚ ਲੈ ਲਈਂ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇਂ।
20ਪੰਛੀਆਂ ਦੀ ਹਰੇਕ ਪ੍ਰਜਾਤੀ, ਡੰਗਰ ਦੀ ਹਰੇਕ ਪ੍ਰਜਾਤੀ, ਅਤੇ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਸਾਰਿਆਂ ਵਿੱਚੋਂ ਇੱਕ-ਇੱਕ ਜੋੜਾ ਤੇਰੇ ਨਾਲ ਆਉਣਗੇ ਤਾਂ ਜੋ ਉਹ ਤੇਰੇ ਨਾਲ ਜੀਉਂਦੇ ਰਹਿਣ।
21ਤੂੰ ਆਪਣੇ ਲਈ ਹਰ ਪ੍ਰਕਾਰ ਦੇ ਭੋਜਨ ਪਦਾਰਥਾਂ ਵਿੱਚੋਂ ਕੁਝ ਲੈ ਲੈ ਅਤੇ ਉਸ ਨੂੰ ਆਪਣੇ ਕੋਲ ਇਕੱਠਾ ਕਰ। ਉਹ ਤੇਰੇ ਲਈ ਅਤੇ ਉਨ੍ਹਾਂ ਦੇ ਲਈ ਭੋਜਨ ਹੋਵੇਗਾ।
22ਤਦ ਨੂਹ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ।