Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 7

Help us?
Click on verse(s) to share them!
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ,
2ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਸਰਾਏਲ ਦੇਸ ਨੂੰ ਇਸ ਤਰ੍ਹਾਂ ਆਖਦਾ ਹੈ, ਇਹ ਅੰਤ ਹੈ! ਦੇਸ ਦੀਆਂ ਚਾਰੇ ਹੱਦਾਂ ਉੱਤੇ ਅੰਤ ਆ ਪਹੁੰਚਿਆ ਹੈ।
3ਹੁਣ ਤੇਰੇ ਉੱਤੇ ਅੰਤ ਆਇਆ ਅਤੇ ਮੈਂ ਆਪਣਾ ਕ੍ਰੋਧ ਤੇਰੇ ਉੱਤੇ ਭੇਜਾਂਗਾ ਅਤੇ ਤੇਰੇ ਚਾਲ-ਚੱਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ; ਫਿਰ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਫੇਰ ਲਿਆਵਾਂਗਾ।
4ਮੇਰੀ ਨਿਗਾਹ ਤੇਰੇ ਉੱਤੇ ਨਾ ਆਵੇਗੀ ਅਤੇ ਮੈਂ ਤੇਰੇ ਉੱਤੇ ਤਰਸ ਨਹੀਂ ਕਰਾਂਗਾ, ਸਗੋਂ ਮੈਂ ਤੇਰੇ ਚਾਲ-ਚੱਲਣ ਦਾ ਫਲ ਤੈਨੂੰ ਦੇਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਹੋਣਗੇ, ਤਾਂ ਜੋ ਤੁਸੀਂ ਜਾਣੋ ਜੋ ਮੈਂ ਯਹੋਵਾਹ ਹਾਂ!
5ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!
6ਅੰਤ ਆ ਪਹੁੰਚਿਆ, ਹਾਂ, ਅੰਤ ਆ ਪਹੁੰਚਿਆ! ਅੰਤ ਤੇਰੇ ਵਿਰੁੱਧ ਜਾਗ ਉੱਠਿਆ! ਵੇਖ, ਉਹ ਆ ਪਹੁੰਚਿਆ ਹੈ!
7ਹੇ ਧਰਤੀ ਦੇ ਰਹਿਣ ਵਾਲੇ! ਤੇਰੀ ਵਾਰੀ ਆ ਗਈ! ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਆ ਗਿਆ ਹੈ, ਪਹਾੜਾਂ ਉੱਤੇ ਅੱਗੇ ਤੋਂ ਅਨੰਦ ਨਹੀਂ ਹੋਵੇਗਾ।
8ਹੁਣ ਮੈਂ ਛੇਤੀ ਹੀ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ ਅਤੇ ਆਪਣਾ ਕ੍ਰੋਧ ਤੇਰੇ ਵਿਰੁੱਧ ਪੂਰਾ ਕਰਾਂਗਾ, ਜਦ ਮੈਂ ਤੇਰੀਆਂ ਚਾਲਾਂ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਨੂੰ ਤੇਰੇ ਉੱਤੇ ਲਿਆਵਾਂਗਾ।
9ਮੇਰੀ ਦਯਾ ਦੀ ਨਿਗਾਹ ਤੇਰੇ ਉੱਤੇ ਨਾ ਹੋਵੇਗੀ, ਨਾ ਮੈਂ ਤਰਸ ਖਾਵਾਂਗਾ। ਜਿਹਾ ਤੂੰ ਕੀਤਾ ਤਿਵੇਂ ਮੈਂ ਤੇਰੇ ਨਾਲ ਕਰਾਂਗਾ; ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਤਾਂ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ।
10ਵੇਖ, ਉਹ ਦਿਨ ਵੇਖ! ਉਹ ਆ ਪਹੁੰਚਿਆ ਹੈ, ਤੇਰੀ ਸ਼ਾਮਤ ਆ ਗਈ, ਸੋਟੀ ਵਿੱਚ ਕਲੀਆਂ ਨਿੱਕਲੀਆਂ, ਘਮੰਡ ਵਿੱਚ ਡੋਡੀਆਂ ਲੱਗੀਆਂ ਹਨ।
11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ। ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।
12ਸਮਾਂ ਆ ਪਹੁੰਚਿਆ, ਦਿਨ ਨੇੜੇ ਹੈ, ਨਾ ਮੁੱਲ ਲੈਣ ਵਾਲਾ ਖੁਸ਼ ਹੋਵੇ, ਨਾ ਵੇਚਣ ਵਾਲਾ ਉਦਾਸ, ਕਿਉਂ ਜੋ ਉਹਨਾਂ ਦੀ ਸਾਰੀ ਭੀੜ ਉੱਤੇ ਕਹਿਰ ਟੁੱਟਣ ਵਾਲਾ ਹੈ।
13ਕੋਈ ਵੀ ਵੇਚਣ ਵਾਲਾ ਭਾਵੇਂ ਜੀਉਂਦਾ ਰਹੇ ਤਾਂ ਵੀ ਆਪਣੀ ਵਿਕੀ ਹੋਈ ਚੀਜ਼ ਦੇ ਕੋਲ ਨਹੀਂ ਮੁੜੇਗਾ, ਕਿਉਂਕਿ ਦਰਸ਼ਣ ਸਾਰੀ ਹੀ ਭੀੜ ਦੇ ਵਿਰੁੱਧ ਹੈ; ਉਹ ਨਹੀਂ ਮੁੜਨਗੇ, ਇਸ ਪਾਪ ਦੇ ਵਿੱਚ ਰਹਿਣ ਵਾਲਾ ਕੋਈ ਵੀ ਮਨੁੱਖ ਮਜ਼ਬੂਤ ਨਹੀਂ ਕੀਤਾ ਜਾਵੇਗਾ।
14ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਭ ਕੁਝ ਤਿਆਰ ਕੀਤਾ ਹੈ ਪਰ ਕੋਈ ਲੜਾਈ ਲਈ ਨਹੀਂ ਤੁਰਦਾ, ਕਿਉਂ ਜੋ ਮੇਰਾ ਤੇਜ਼ ਕਹਿਰ ਉਸ ਸਾਰੀ ਭੀੜ ਉੱਤੇ ਹੈ।
15ਬਾਹਰ ਤਲਵਾਰ ਹੈ ਅਤੇ ਅੰਦਰ ਮਰੀ ਤੇ ਕਾਲ ਹਨ। ਜਿਹੜਾ ਖੇਤ ਵਿੱਚ ਹੈ, ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਜਿਹੜਾ ਸ਼ਹਿਰ ਵਿੱਚ ਹੈ, ਕਾਲ ਤੇ ਮਰੀ ਨਾਲ ਮਾਰਿਆ ਜਾਵੇਗਾ।
16ਪਰ ਜਿਹੜੇ ਉਹਨਾਂ ਵਿੱਚੋਂ ਭੱਜ ਜਾਣਗੇ, ਉਹ ਬਚ ਜਾਣਗੇ, ਅਤੇ ਵਾਦੀਆਂ ਦੀਆਂ ਘੁੱਗੀਆਂ ਵਾਂਗੂੰ ਪਹਾੜਾਂ ਉੱਤੇ ਰਹਿਣਗੇ, ਸਾਰੇ ਦੇ ਸਾਰੇ ਕੀਰਨੇ ਪਾਉਣਗੇ, ਹਰੇਕ ਆਪਣੇ ਔਗੁਣਾਂ ਦੇ ਕਾਰਨ ਕੀਰਨੇ ਪਾਵੇਗਾ।
17ਸਾਰੇ ਹੱਥ ਨਿਰਬਲ ਹੋਣਗੇ ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।
18ਉਹ ਲੱਕ ਉੱਤੇ ਤੱਪੜ ਕੱਸਣਗੇ ਅਤੇ ਭੈਅ ਉਹਨਾਂ ਉੱਤੇ ਛਾ ਜਾਵੇਗਾ; ਸਾਰਿਆਂ ਦੇ ਮੂੰਹ ਉੱਤੇ ਨਮੋਸ਼ੀ ਹੋਵੇਗੀ ਅਤੇ ਉਹਨਾਂ ਦੇ ਸਿਰ ਗੰਜੇ ਹੋ ਜਾਣਗੇ।

19ਉਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਹਨਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਰਗਾ ਹੋਵੇਗਾ। ਯਹੋਵਾਹ ਦੇ ਕਹਿਰ ਦੇ ਦਿਨ ਉਹਨਾਂ ਦੀ ਚਾਂਦੀ ਅਤੇ ਉਹਨਾਂ ਦਾ ਸੋਨਾ ਉਹਨਾਂ ਨੂੰ ਨਹੀਂ ਬਚਾ ਸਕੇਗਾ। ਉਸ ਨਾਲ ਉਹਨਾਂ ਦੀਆਂ ਜਾਨਾਂ ਸੁਖੀ ਨਹੀਂ ਹੋਣਗੀਆਂ, ਨਾ ਉਹਨਾਂ ਦੇ ਢਿੱਡ ਭਰਨਗੇ, ਕਿਉਂ ਜੋ ਉਹ ਉਹਨਾਂ ਦੇ ਠੋਕਰ ਖਾਣ ਅਤੇ ਪਾਪ ਦਾ ਕਾਰਨ ਸੀ।
20ਉਹਨਾਂ ਨੇ ਆਪਣੇ ਸੋਹਣੇ ਗਹਿਣੇ ਹੰਕਾਰ ਲਈ ਵਰਤੇ ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਅਤੇ ਭੈੜੀਆਂ ਵਸਤਾਂ ਬਣਾਈਆਂ, ਇਸ ਲਈ ਮੈਂ ਉਸ ਨੂੰ ਉਹਨਾਂ ਦੇ ਲਈ ਅਸ਼ੁੱਧ ਵਸਤੂ ਠਹਿਰਾਇਆ।
21ਮੈਂ ਉਹਨਾਂ ਗਹਿਣਿਆਂ ਨੂੰ ਲੁੱਟਣ ਦੇ ਲਈ ਪਰਦੇਸੀਆਂ ਦੇ ਹੱਥ ਵਿੱਚ ਅਤੇ ਲੁੱਟ ਦੇ ਲਈ ਧਰਤੀ ਦੇ ਦੁਸ਼ਟਾਂ ਦੇ ਹੱਥ ਵਿੱਚ ਦੇ ਦਿਆਂਗਾ, ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।
22ਮੈਂ ਆਪਣਾ ਮੂੰਹ ਉਹਨਾਂ ਵੱਲੋਂ ਫੇਰ ਲਵਾਂਗਾ, ਜਦ ਉਹ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰਨਗੇ। ਉਸ ਵਿੱਚ ਲੁਟੇਰੇ ਆਉਣਗੇ ਅਤੇ ਉਹ ਨੂੰ ਭਰਿਸ਼ਟ ਕਰਨਗੇ।
23ਸੰਗਲ ਬਣਾ, ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।
24ਇਸ ਲਈ ਮੈਂ ਬੁਰੀਆਂ ਕੌਮਾਂ ਨੂੰ ਲਿਆਵਾਂਗਾ ਅਤੇ ਉਹ ਉਹਨਾਂ ਦੇ ਘਰਾਂ ਦੇ ਮਾਲਕ ਬਣਨਗੇ, ਮੈਂ ਜ਼ੋਰਾਵਰਾਂ ਦਾ ਘਮੰਡ ਮਿਟਾ ਦਿਆਂਗਾ ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।
25ਤਬਾਹੀ ਆਉਂਦੀ ਹੈ ਅਤੇ ਉਹ ਸ਼ਾਂਤੀ ਨੂੰ ਲੱਭਣਗੇ, ਪਰ ਉਹ ਹੈ ਨਹੀਂ।
26ਬਿਪਤਾ ਤੇ ਬਿਪਤਾ ਅਤੇ ਅਫ਼ਵਾਹ ਤੇ ਅਫ਼ਵਾਹ ਆਉਂਦੀ ਹੈ। ਤਦ ਉਹ ਨਬੀ ਕੋਲੋਂ ਦਰਸ਼ਣ ਭਾਲਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਜਾਂਦੀ ਰਹੇਗੀ।
27ਰਾਜਾ ਸੋਗ ਕਰੇਗਾ, ਸ਼ਹਿਜ਼ਾਦਾ ਵਿਰਾਨੀ ਪਹਿਨੇਗਾ ਅਤੇ ਪਰਜਾ ਦੇ ਹੱਥ ਕੰਬਣਗੇ। ਮੈਂ ਉਹਨਾਂ ਦੇ ਚਾਲ ਚਲਣਾਂ ਦੇ ਅਨੁਸਾਰ ਉਹਨਾਂ ਨਾਲ ਵਰਤਾਵਾ ਕਰਾਂਗਾ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਕਰਾਂਗਾ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਹਾਂ।