Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 14

Help us?
Click on verse(s) to share them!
1ਫੇਰ ਇਸਰਾਏਲ ਦੇ ਕੁਝ ਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਅੱਗੇ ਬਹਿ ਗਏ।
2ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
3ਹੇ ਮਨੁੱਖ ਦੇ ਪੁੱਤਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੇਰੇ ਕੋਲੋਂ ਕੁਝ ਪੁੱਛਣ।
4ਇਸ ਲਈ ਤੂੰ ਉਹਨਾਂ ਨਾਲ ਗੱਲਾਂ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੀਆਂ ਮੂਰਤੀਆਂ ਆਪਣੇ ਮਨ ਵਿੱਚ ਸਥਾਪਿਤ ਕਰਕੇ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖ ਕੇ ਨਬੀ ਦੇ ਕੋਲ ਜਾਂਦਾ ਹੈ, ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ।
5ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜ੍ਹਾਂ, ਕਿਉਂ ਜੋ ਉਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੇਰੇ ਕੋਲੋਂ ਦੂਰ ਹੋ ਗਏ ਹਨ।
6ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ।
7ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ, ਮੇਰੇ ਤੋਂ ਅੱਡ ਹੁੰਦਾ ਜਾਂਦਾ ਹੈ, ਆਪਣੇ ਮਨ ਵਿੱਚ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਬਾਰੇ ਪੁੱਛਣ ਲਈ ਆਉਂਦਾ ਹੈ, ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ।
8ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਕਹਾਉਤਾਂ ਲਈ ਹੈਰਾਨੀ ਦਾ ਕਾਰਨ ਬਣਾਵਾਂਗਾ। ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
9ਜੇਕਰ ਨਬੀ ਧੋਖਾ ਖਾ ਕੇ ਕੁਝ ਆਖੇ, ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ, ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ।
10ਉਹ ਆਪਣੀ ਬਦੀ ਦੀ ਸਜ਼ਾ ਪਾਉਣਗੇ। ਨਬੀ ਦੀ ਬਦੀ ਦੀ ਸਜ਼ਾ ਵੀ ਉਹੀ ਹੋਵੇਗੀ, ਜੋ ਉਸ ਤੋਂ ਪੁੱਛਣ ਵਾਲੇ ਦੀ ਹੋਵੇਗੀ,
11ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭਰਿਸ਼ਟ ਨਾ ਕਰੇ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਉਹ ਮੇਰੀ ਪਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂ।
12ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
13ਹੇ ਮਨੁੱਖ ਦੇ ਪੁੱਤਰ, ਜਦੋਂ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ।
14ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ।
15ਜੇਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਭੇਜਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਐਨਾ ਵਿਰਾਨ ਹੋ ਜਾਵੇ ਕਿ ਉਹਨਾਂ ਦਰਿੰਦਿਆਂ ਕਰਕੇ ਕੋਈ ਉਸ ਵਿੱਚੋਂ ਲੰਘ ਨਾ ਸਕੇ,
16ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ।
17ਜਾਂ ਜੇਕਰ ਮੈਂ ਉਸ ਦੇਸ ਵਿੱਚ ਤਲਵਾਰ ਭੇਜਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ,
18ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਉਹ ਧੀਆਂ, ਪੁੱਤਰਾਂ ਨੂੰ ਨਹੀਂ ਬਚਾ ਸਕਣਗੇ।

19ਜਾਂ ਜੇਕਰ ਮੈਂ ਉਸ ਦੇਸ ਵਿੱਚ ਮਰੀ ਭੇਜਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਜੋ ਉੱਥੋਂ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ।
20ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।
21ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਆਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਮਰੀ ਯਰੂਸ਼ਲਮ ਉੱਤੇ ਭੇਜਾਂ, ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਣ,
22ਤਾਂ ਵੀ ਵੇਖੋ, ਉੱਥੇ ਕੁਝ ਕੁ ਪੁੱਤਰ ਧੀਆਂ ਬਚ ਰਹਿਣਗੇ, ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪਹੁੰਚਾਏ ਜਾਣਗੇ। ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਬਾਰੇ ਜੋ ਮੈਂ ਯਰੂਸ਼ਲਮ ਉੱਤੇ ਭੇਜੀ ਅਤੇ ਉਹਨਾਂ ਸਾਰੀਆਂ ਬਲਾਵਾਂ ਦੇ ਬਾਰੇ ਜੋ ਮੈਂ ਉਸ ਉੱਤੇ ਭੇਜੀਆਂ ਹਨ, ਤੁਸੀਂ ਤਸੱਲੀ ਪਾਓਗੇ।
23ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।