Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 43

Help us?
Click on verse(s) to share them!
1ਫੇਰ ਉਹ ਮਨੁੱਖ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ।
2ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਗੂੰ ਸੀ। ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ।
3ਇਹ ਉਸ ਦਰਸ਼ਣ ਦੇ ਅਨੁਸਾਰ ਸੀ ਜੋ ਮੈਂ ਵੇਖਿਆ ਸੀ, ਹਾਂ, ਉਸ ਦਰਸ਼ਣ ਦੇ ਅਨੁਸਾਰ ਜਿਹੜਾ ਮੈਂ ਉਸ ਵੇਲੇ ਵੇਖਿਆ ਸੀ, ਜਦੋਂ ਮੈਂ ਸ਼ਹਿਰ ਨੂੰ ਨਾਸ ਕਰਨ ਲਈ ਆਇਆ ਸੀ ਅਤੇ ਇਹ ਦਰਸ਼ਣ ਉਸ ਦਰਸ਼ਣ ਦੇ ਵਾਂਗੂੰ ਸਨ, ਜਿਹੜੇ ਮੈਂ ਕਬਾਰ ਨਹਿਰ ਦੇ ਕੋਲ ਵੇਖੇ ਸਨ, ਤਦ ਮੈਂ ਮੂਧੇ ਮੂੰਹ ਡਿੱਗ ਪਿਆ।
4ਯਹੋਵਾਹ ਦਾ ਪਰਤਾਪ ਉਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ।
5ਯਹੋਵਾਹ ਦਾ ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪਹੁੰਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ।
6ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖੜਾ ਸੀ।
7ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ, ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਹਨਾਂ ਦੇ ਰਾਜਾ ਫੇਰ ਕਦੇ ਮੇਰੇ ਪਵਿੱਤਰ ਨਾਮ ਨੂੰ ਆਪਣੇ ਵਿਭਚਾਰ ਨਾਲ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨਾਲ, ਉਹਨਾਂ ਦੀਆਂ ਉੱਚਿਆਈਆਂ ਵਿੱਚ ਭਰਿਸ਼ਟ ਨਾ ਕਰਨਗੇ।
8ਕਿਉਂ ਜੋ ਉਹਨਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਹਨਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਹਨਾਂ ਦੇ ਵਿਚਾਲੇ ਇੱਕ ਕੰਧ ਸੀ। ਉਹਨਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਹਨਾਂ ਕੀਤੇ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਇਸ ਲਈ ਮੈਂ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਖਾ ਲਿਆ।
9ਸੋ ਹੁਣ ਉਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੱਕ ਉਹਨਾਂ ਦੇ ਵਿਚਕਾਰ ਵੱਸਾਂਗਾ।
10ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦੇ ਹੋਣ ਅਤੇ ਇਸ ਨਮੂਨੇ ਨੂੰ ਮਿਣਨ।
11ਜੇ ਉਹ ਇਹਨਾਂ ਸਾਰਿਆਂ ਕੰਮਾਂ ਤੋਂ ਸ਼ਰਮਿੰਦੇ ਹੋਣ, ਜਿਹੜੇ ਉਹਨਾਂ ਨੇ ਕੀਤੇ ਅਤੇ ਇਸ ਭਵਨ ਦਾ ਨਕਸ਼ਾ, ਇਹ ਦੀ ਬਣਾਵਟ, ਉਹ ਦਾ ਅੰਦਰ-ਬਾਹਰ ਆਉਣ ਦਾ ਰਾਹ, ਸਾਰਾ ਨਕਸ਼ਾ, ਸਾਰੀਆਂ ਬਿਧੀਆਂ, ਸਾਰੇ ਕਨੂੰਨ ਅਤੇ ਸਾਰੀ ਬਿਵਸਥਾ ਉਹਨਾਂ ਨੂੰ ਜਤਾ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ, ਤਾਂ ਕਿ ਉਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਉੱਤੇ ਅਮਲ ਕਰਨ।
12ਇਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਉੱਤੇ ਅਤੇ ਉਹ ਦੇ ਚੁਫ਼ੇਰੇ ਅੱਤ ਪਵਿੱਤਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।
13ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ।
14ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ
15ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁੱਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ।
16ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ, ਵਰਗਾਕਾਰ ਹੋਵੇਗੀ।
17ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫ਼ੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।
18ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਉਹ ਉਸ ਨੂੰ ਬਣਾਉਣਗੇ, ਤਾਂ ਜੋ ਉਸ ਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ।

19ਤੂੰ ਲੇਵੀ ਜਾਜਕਾਂ ਲਈ ਜਿਹੜੇ ਸਾਦੋਕ ਦੀ ਵੰਸ਼ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ, ਪਾਪ ਬਲੀ ਲਈ ਵੱਛਾ ਦੇ, ਪ੍ਰਭੂ ਯਹੋਵਾਹ ਦਾ ਵਾਕ ਹੈ।
20ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰ੍ਹਾਂ ਤੂੰ ਉਸ ਦੇ ਲਈ ਪ੍ਰਾਸਚਿਤ ਕਰੇਂ ਅਤੇ ਉਸ ਨੂੰ ਸ਼ੁੱਧ ਕਰੇਂ।
21ਪਾਪ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਰਧਾਰਤ ਥਾਂ ਵਿੱਚ ਪਵਿੱਤਰ ਸਥਾਨ ਦੇ ਬਾਹਰ ਜਲਾਇਆ ਜਾਵੇਗਾ।
22ਤੂੰ ਦੂਜੇ ਦਿਨ ਇੱਕ ਦੋਸ਼ ਰਹਿਤ ਬੱਕਰਾ ਪਾਪ ਬਲੀ ਲਈ ਚੜ੍ਹਾਈਂ ਅਤੇ ਉਹ ਉਸ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕਰਨਗੇ, ਜਿਵੇਂ ਵੱਛੇ ਨਾਲ ਸ਼ੁੱਧ ਕੀਤਾ ਸੀ।
23ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਦੋਸ਼ ਰਹਿਤ ਵੱਛਾ ਅਤੇ ਇੱਜੜ ਵਿੱਚੋਂ ਇੱਕ ਦੋਸ਼ਰਹਿਤ ਮੇਂਢਾ ਚੜ੍ਹਾਵੀਂ।
24ਤੂੰ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਲਿਆਵੀਂ ਅਤੇ ਜਾਜਕ ਉਹਨਾਂ ਤੇ ਲੂਣ ਛਿੜਕਣ ਅਤੇ ਉਹਨਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ।
25ਤੂੰ ਸੱਤ ਦਿਨ ਤੱਕ ਹਰ ਦਿਨ ਇੱਕ ਬੱਕਰਾ ਪਾਪ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਦੋਸ਼ਰਹਿਤ ਵੱਛਾ ਅਤੇ ਇੱਕ ਇੱਜੜ ਦਾ ਦੋਸ਼ ਰਹਿਤ ਮੇਂਢਾ ਵੀ ਤਿਆਰ ਕਰ ਰੱਖੀਂ।
26ਸੱਤ ਦਿਨਾਂ ਤੱਕ ਉਹ ਜਗਵੇਦੀ ਨੂੰ ਪ੍ਰਾਸਚਿਤ ਕਰਕੇ ਸਾਫ਼ ਕਰਨਗੇ ਅਤੇ ਉਸ ਦੀ ਚੱਠ ਕਰਨਗੇ।
27ਜਦੋਂ ਇਹ ਦਿਨ ਪੂਰੇ ਹੋਣਗੇ, ਤਾਂ ਇਸ ਤਰ੍ਹਾਂ ਹੋਵੇਗਾ ਕਿ ਅੱਠਵੇਂ ਦਿਨ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁੱਖ ਦੀਆਂ ਭੇਟਾਂ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।