Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 11

Help us?
Click on verse(s) to share them!
1ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ।
2ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਉਹ ਮਨੁੱਖ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ।
3ਜਿਹੜੇ ਆਖਦੇ ਹਨ ਕਿ ਘਰਾਂ ਦੇ ਬਣਾਉਣ ਦਾ ਵੇਲਾ ਨੇੜੇ ਨਹੀਂ। ਇਹ ਸ਼ਹਿਰ ਤਾਂ ਇੱਕ ਕੜਾਹਾ ਹੈ, ਅਤੇ ਅਸੀਂ ਮਾਸ ਹਾਂ।
4ਇਸ ਲਈ, ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ! ਹਾਂ, ਭਵਿੱਖਬਾਣੀ ਕਰ!
5ਯਹੋਵਾਹ ਦਾ ਆਤਮਾ ਮੇਰੇ ਉੱਤੇ ਉੱਤਰਿਆ ਅਤੇ ਉਹ ਨੇ ਮੈਨੂੰ ਆਖਿਆ ਕਿ ਤੂੰ ਇਹ ਆਖ, ਯਹੋਵਾਹ ਇਹ ਆਖਦਾ ਹੈ ਕਿ ਹੇ ਇਸਰਾਏਲ ਦੇ ਘਰਾਣੇ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ।
6ਤੁਸੀਂ ਇਸ ਵਿੱਚ ਬਹੁਤਿਆਂ ਨੂੰ ਵੱਢ ਦਿੱਤਾ ਹੈ, ਸਗੋਂ ਸ਼ਹਿਰ ਦੀਆਂ ਗਲੀਆਂ ਵੱਢਿਆ ਹੋਇਆਂ ਨਾਲ ਭਰ ਦਿੱਤੀਆਂ ਹਨ।
7ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਹਾਡੇ ਵੱਢੇ ਹੋਏ ਜਿਹਨਾਂ ਨੂੰ ਤੁਸੀਂ ਇਹ ਦੇ ਵਿੱਚ ਰੱਖਿਆ ਹੈ, ਉਹ ਮਾਸ ਹਨ ਅਤੇ ਇਹ ਸ਼ਹਿਰ ਉਹੀ ਕੜਾਹਾ ਹੈ, ਪਰ ਤੁਸੀਂ ਇਹ ਦੇ ਵਿੱਚੋਂ ਬਾਹਰ ਕੱਢੇ ਜਾਓਗੇ।
8ਤੁਸੀਂ ਤਲਵਾਰ ਤੋਂ ਡਰਦੇ ਹੋ ਅਤੇ ਪ੍ਰਭੂ ਯਹੋਵਾਹ ਕਹਿੰਦਾ ਹੈ ਕਿ ਮੈਂ ਤਲਵਾਰ ਤੁਹਾਡੇ ਉੱਤੇ ਲਿਆਵਾਂਗਾ।
9ਮੈਂ ਤੁਹਾਨੂੰ ਇਸ ਵਿੱਚੋਂ ਬਾਹਰ ਕੱਢਾਂਗਾ, ਤੁਹਾਨੂੰ ਪਰਦੇਸੀਆਂ ਦੇ ਹੱਥ ਵਿੱਚ ਦਿਆਂਗਾ ਅਤੇ ਤੁਹਾਡੇ ਉੱਤੇ ਸਜ਼ਾ ਲਿਆਵਾਂਗਾ।
10ਤੁਸੀਂ ਤਲਵਾਰ ਨਾਲ ਡਿੱਗ ਪਵੋਗੇ। ਇਸਰਾਏਲ ਦੀਆਂ ਹੱਦਾਂ ਉੱਤੇ ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
11ਇਹ ਸ਼ਹਿਰ ਤੁਹਾਡੇ ਲਈ ਕੜਾਹਾ ਨਹੀਂ ਹੋਵੇਗਾ, ਨਾ ਤੁਸੀਂ ਇਹ ਦੇ ਵਿੱਚ ਮਾਸ ਹੋਵੋਗੇ, ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ।
12ਤੁਸੀਂ ਜਾਣ ਲਵੋਗੇ ਕਿ ਮੈਂ ਯਹੋਵਾਹ ਹਾਂ, ਜਿਸ ਦੀਆਂ ਬਿਧੀਆਂ ਉੱਤੇ ਤੁਸੀਂ ਨਹੀਂ ਚਲੇ ਅਤੇ ਜਿਸ ਦੇ ਕਨੂੰਨਾਂ ਉੱਤੇ ਤੁਸੀਂ ਅਮਲ ਨਹੀਂ ਕੀਤਾ, ਸਗੋਂ ਤੁਸੀਂ ਆਪਣੇ ਦੁਆਲੇ ਰਹਿਣ ਵਾਲੀਆਂ ਕੌਮਾਂ ਦੇ ਕਨੂੰਨਾਂ ਦੇ ਅਨੁਸਾਰ ਕੰਮ ਕੀਤੇ।
13ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇਸ ਤਰ੍ਹਾਂ ਹੋਇਆ ਕਿ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ। ਤਦ ਮੈਂ ਮੂਧੇ ਮੂੰਹ ਡਿੱਗਿਆ ਅਤੇ ਵੱਡੀ ਅਵਾਜ਼ ਨਾਲ ਦੁਹਾਈ ਦੇ ਕੇ ਆਖਿਆ, ਹਾਏ! ਪ੍ਰਭੂ ਯਹੋਵਾਹ! ਕੀ ਤੂੰ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਪੂਰੀ ਤਰ੍ਹਾਂ ਹੀ ਮੁਕਾ ਦੇਵੇਂਗਾ?
14ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ
15ਹੇ ਮਨੁੱਖ ਦੇ ਪੁੱਤਰ, ਤੇਰੇ ਭਰਾਵਾਂ, ਹਾਂ, ਤੇਰੇ ਭਰਾਵਾਂ ਅਰਥਾਤ ਤੇਰੇ ਵੰਸ਼ ਸਗੋਂ ਸਾਰੇ ਇਸਰਾਏਲ ਦੇ ਘਰਾਣੇ ਨੂੰ, ਹਾਂ, ਉਹਨਾਂ ਸਾਰਿਆਂ ਨੂੰ ਯਰੂਸ਼ਲਮ ਦੇ ਵਾਸੀਆਂ ਨੇ ਆਖਿਆ ਹੈ, ਯਹੋਵਾਹ ਤੋਂ ਦੂਰ ਹੋਵੋ! ਇਹ ਦੇਸ ਸਾਨੂੰ ਵਿਰਸੇ ਵਿੱਚ ਮਿਲਿਆ ਹੈ।
16ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ।
17ਇਸ ਲਈ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਉੱਮਤਾਂ ਵਿੱਚੋਂ ਤੁਹਾਨੂੰ ਇਕੱਠਾ ਕਰ ਲਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਹੋ ਫੇਰ ਤੁਹਾਨੂੰ ਇਕੱਠਾ ਕਰਾਂਗਾ ਅਤੇ ਇਸਰਾਏਲ ਦੀ ਭੂਮੀ ਤੁਹਾਨੂੰ ਦਿਆਂਗਾ।
18ਉਹ ਉੱਥੇ ਆਉਣਗੇ ਅਤੇ ਉਸ ਦੀਆਂ ਸਾਰੀਆਂ ਘਿਣਾਉਣੀਆਂ ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ।

19ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ,
20ਤਾਂ ਜੋ ਉਹ ਮੇਰੀਆਂ ਬਿਧੀਆਂ ਅਨੁਸਾਰ ਚੱਲਣ, ਮੇਰੇ ਕਨੂੰਨਾਂ ਦੀ ਪਾਲਣਾ ਕਰਨ, ਉਹਨਾਂ ਤੇ ਅਮਲ ਕਰਨ, ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।
21ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਉਹਨਾਂ ਦੇ ਬਾਰੇ, ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਂ ਉਹਨਾਂ ਦੀ ਕਰਨੀ ਉਹਨਾਂ ਦੇ ਸਿਰ ਪਾਵਾਂਗਾ।
22ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਦੇ ਉੱਤੇ ਸੀ।
23ਯਹੋਵਾਹ ਦਾ ਤੇਜ ਸ਼ਹਿਰ ਵਿੱਚੋਂ ਉਤਾਹਾਂ ਗਿਆ ਅਤੇ ਸ਼ਹਿਰ ਦੇ ਪੂਰਬ ਵੱਲ ਪਰਬਤ ਉੱਤੇ ਜਾ ਕੇ ਠਹਿਰ ਗਿਆ।
24ਤਦ ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਚੁੱਕਿਆ ਅਤੇ ਪਰਮੇਸ਼ੁਰ ਦੇ ਆਤਮਾ ਨੇ ਦਰਸ਼ਣ ਵਿੱਚ ਮੈਨੂੰ ਫੇਰ ਕਸਦੀਆਂ ਦੇ ਦੇਸ ਵਿੱਚ ਗੁਲਾਮਾਂ ਦੇ ਕੋਲ ਪਹੁੰਚਾ ਦਿੱਤਾ ਅਤੇ ਜੋ ਦਰਸ਼ਣ ਮੈਂ ਵੇਖਿਆ ਸੀ ਉਹ ਮੇਰੇ ਤੋਂ ਓਹਲੇ ਹੋ ਗਿਆ।
25ਮੈਂ ਗੁਲਾਮਾਂ ਨੂੰ ਯਹੋਵਾਹ ਦੀਆਂ ਉਹ ਸਾਰੀਆਂ ਗੱਲਾਂ ਦੱਸੀਆਂ, ਜੋ ਉਸ ਨੇ ਮੈਨੂੰ ਵਿਖਾਈਆਂ ਸਨ।