Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 28

Help us?
Click on verse(s) to share them!
1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਦੇ ਪ੍ਰਧਾਨ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵਤਾ ਹਾਂ, ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵਤਾ ਨਹੀਂ ਸਗੋਂ ਮਨੁੱਖ ਹੈਂ।
3ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਕੋਲੋਂ ਲੁਕਿਆ ਹੋਵੇ!
4ਤੂੰ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪ੍ਰਾਪਤ ਕੀਤਾ ਅਤੇ ਸੋਨੇ, ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ।
5ਤੂੰ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰੀ ਹੋ ਗਿਆ ਹੈ।
6ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ।
7ਇਸ ਲਈ ਵੇਖ, ਮੈਂ ਤੇਰੇ ਉੱਤੇ ਵਿਦੇਸ਼ੀਆਂ ਨੂੰ, ਜੋ ਵੱਡੀ ਭਿਆਨਕ ਕੌਮ ਦੇ ਹਨ, ਚੜ੍ਹਾ ਲਿਆਵਾਂਗਾ। ਉਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ।
8ਉਹ ਤੈਨੂੰ ਪਤਾਲ ਵਿੱਚ ਥੱਲੇ ਉਤਾਰ ਦੇਣਗੇ ਅਤੇ ਤੂੰ ਉਹਨਾਂ ਦੀ ਮੌਤ ਮਰੇਂਗਾ, ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ।
9ਕੀ ਤੂੰ ਆਪਣੇ ਵੱਢਣ ਵਾਲੇ ਦੇ ਅੱਗੇ ਇਸ ਤਰ੍ਹਾਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈਂ।
10ਤੂੰ ਵਿਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
11ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
12ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੂੰ ਉੱਤਮਤਾਈ ਦੀ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ।
13ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੀ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
14ਤੂੰ ਮਸਹ ਕੀਤਾ ਹੋਇਆ ਕਰੂਬੀ ਸੀ, ਜਿਹੜਾ ਢੱਕਦਾ ਸੀ ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤਰ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਵਿੱਚ ਤੁਰਦਾ ਫਿਰਦਾ ਸੀ।
15ਤੂੰ ਆਪਣੇ ਜਨਮ ਦੇ ਦਿਨ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੀ, ਇੱਥੋਂ ਤੱਕ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ।
16ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
17ਤੇਰਾ ਦਿਲ ਤੇਰੇ ਸੁਹੱਪਣ ਵਿੱਚ ਘਮੰਡੀ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ ਅਤੇ ਰਾਜਿਆਂ ਦੇ ਅੱਗੇ ਰੱਖ ਦਿੱਤਾ ਹੈ, ਤਾਂ ਜੋ ਉਹ ਤੈਨੂੰ ਤੱਕ ਲੈਣ।
18ਤੂੰ ਆਪਣਿਆਂ ਬਹੁਤਿਆਂ ਪਾਪਾਂ ਦੇ ਕਾਰਨ ਅਤੇ ਵਪਾਰ ਵਿੱਚ ਬੇਇਨਸਾਫੀ ਦੇ ਕਰਕੇ, ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ। ਇਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਸ ਨੇ ਤੈਨੂੰ ਖਾ ਲਿਆ ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।

19ਉੱਮਤਾਂ ਦੇ ਵਿੱਚੋਂ ਉਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਹੈਰਾਨ ਹੋਣਗੇ, ਤੂੰ ਹੈਰਾਨੀ ਦਾ ਕਾਰਨ ਹੋਇਆ ਅਤੇ ਤੂੰ ਸਦਾ ਲਈ ਖ਼ਤਮ ਹੋਵੇਂਗਾ।
20ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
21ਹੇ ਮਨੁੱਖ ਦੇ ਪੁੱਤਰ, ਤੂੰ ਸੀਦੋਨ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ,
22ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੀਦੋਨ! ਤੇਰੇ ਵਿੱਚ ਮੇਰੀ ਉਸਤਤ ਹੋਵੇਗੀ ਅਤੇ ਜਦ ਮੈਂ ਉਸ ਵਿੱਚ ਨਿਆਂ ਕਰਾਂਗਾ ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕ ਜਾਣਨਗੇ ਕਿ ਮੈਂ ਯਹੋਵਾਹ ਹਾਂ!
23ਮੈਂ ਉਹ ਦੇ ਵਿੱਚ ਬਵਾ ਭੇਜਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ ਅਤੇ ਵੱਢੇ ਹੋਏ ਲੋਕ ਉਸ ਵਿੱਚ ਉਸ ਤਲਵਾਰ ਨਾਲ ਡਿੱਗਣਗੇ, ਜੋ ਚਾਰੇ ਪਾਸਿਓਂ ਉਸ ਉੱਤੇ ਚੱਲੇਗੀ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
24ਤਦ ਇਸਰਾਏਲ ਦੇ ਘਰਾਣੇ ਦੇ ਲਈ ਉਹਨਾਂ ਦੇ ਆਲੇ-ਦੁਆਲੇ ਦੇ ਉਹਨਾਂ ਸਾਰੇ ਲੋਕਾਂ ਵਿੱਚੋਂ ਜਿਹੜੇ ਉਹਨਾਂ ਨੂੰ ਤੁੱਛ ਜਾਣਦੇ ਸਨ, ਕੋਈ ਚੁੱਭਣ ਵਾਲੀ ਝਾੜੀ ਜਾਂ ਦੁੱਖ ਦੇਣ ਵਾਲਾ ਕੰਡਾ ਨਾ ਰਹੇਗਾ ਅਤੇ ਉਹ ਜਾਣਨਗੇ ਕਿ ਪ੍ਰਭੂ ਯਹੋਵਾਹ ਮੈਂ ਹਾਂ!
25ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ।
26ਉਹ ਉਸ ਵਿੱਚ ਸੁਰੱਖਿਅਤ ਵੱਸਣਗੇ ਸਗੋਂ ਘਰ ਪਾਉਣਗੇ, ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ। ਜਦੋਂ ਮੈਂ ਉਹਨਾਂ ਸਾਰਿਆਂ ਦਾ ਜੋ ਆਲੇ-ਦੁਆਲੇ ਤੋਂ ਉਹਨਾਂ ਨੂੰ ਤੁੱਛ ਸਮਝਦੇ ਸਨ, ਨਿਆਂ ਕਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ।