Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 39

Help us?
Click on verse(s) to share them!
1ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮੇਸ਼ੇਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ!
2ਮੈਂ ਤੈਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ ਉੱਧਰ ਲਈ ਫਿਰਾਂਗਾ। ਉਤਰ ਵੱਲੋਂ ਦੂਰੋਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਉੱਤੇ ਲਿਆਵਾਂਗਾ।
3ਤੇਰੀ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ।
4ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ।
5ਤੂੰ ਖੁਲ੍ਹੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।
6ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
7ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ। ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਹਾਂ।
8ਵੇਖ, ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।
9ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁੱਖਾਂ ਅਤੇ ਤੀਰਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਉਹ ਸੱਤ ਸਾਲ ਤੱਕ ਉਹਨਾਂ ਨੂੰ ਜਲਾਉਂਦੇ ਰਹਿਣਗੇ।
10ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
11ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ। ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ ਅਤੇ “ਗੋਗ ਦੀ ਭੀੜ ਦੀ ਵਾਦੀ” ਉਹ ਦਾ ਨਾਮ ਰੱਖਣਗੇ।
12ਸੱਤ ਮਹੀਨੇ ਤੱਕ ਇਸਰਾਏਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ ਨੂੰ ਪਾਕ ਕਰੇ।
13ਹਾਂ, ਦੇਸ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ, ਇਹ ਉਹਨਾਂ ਲਈ ਯਾਦਗਾਰੀ ਦਾ ਦਿਨ ਹੋਵੇਗਾ, ਜਿਸ ਦਿਨ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾਹ ਦਾ ਵਾਕ ਹੈ।
14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। ਉਹ ਸੱਤਾਂ ਮਹੀਨਿਆਂ ਦੇ ਆਖਿਰ ਵਿੱਚ ਲੱਭਣਗੇ।
15ਜਦੋਂ ਉਹ ਦੇਸ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ, ਤਾਂ ਉਹ ਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹ ਨੂੰ ਨਾ ਦਬਾਉਣ।
16ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਪਾਕ ਕਰਨਗੇ।
17ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹਰੇਕ ਪ੍ਰਕਾਰ ਦੇ ਪੰਛੀ, ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਹਾਂ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ।
18ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ, ਹਾਂ, ਦੁੰਬਿਆਂ, ਲੇਲਿਆਂ, ਬੱਕਰਿਆਂ ਅਤੇ ਬਲ਼ਦਾਂ ਦਾ, ਉਹ ਸਾਰੇ ਦੇ ਸਾਰੇ ਬਾਸ਼ਾਨ ਦੇ ਮੋਟੇ ਤੇ ਪਲੇ ਹੋਏ ਹਨ।

19ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਐਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਐਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ।
20ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਯੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
21ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ।
22ਇਸਰਾਏਲ ਦਾ ਘਰਾਣਾ ਜਾਣੇਗਾ ਕਿ ਉਸ ਦਿਨ ਤੋਂ ਲੈ ਕੇ ਅੱਗੇ ਨੂੰ ਮੈਂ ਹੀ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ!
23ਕੌਮਾਂ ਜਾਣਨਗੀਆਂ ਕਿ ਇਸਰਾਏਲ ਦਾ ਘਰਾਣਾ ਆਪਣੇ ਪਾਪਾਂ ਦੇ ਕਾਰਨ ਗੁਲਾਮੀ ਵਿੱਚ ਪਿਆ, ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ, ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧਤਾ ਦੇ ਹੱਥ ਵਿੱਚ ਦੇ ਦਿੱਤਾ। ਤਾਂ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ।
24ਉਹਨਾਂ ਦੀ ਅਸ਼ੁੱਧਤਾਈ ਅਤੇ ਅਪਰਾਧਾਂ ਦੇ ਅਨੁਸਾਰ ਮੈਂ ਉਹਨਾਂ ਨਾਲ ਵਰਤਾਰਾ ਕੀਤਾ। ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾਇਆ।
25ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ।
26ਉਹ ਆਪਣੀ ਨਮੋਸ਼ੀ ਅਤੇ ਸਾਰੇ ਛਲ ਜਿਹਨਾਂ ਕਰਕੇ ਉਹ ਮੇਰੇ ਅਪਰਾਧੀ ਹੋਏ, ਚੁੱਕਣਗੇ, ਜਦੋਂ ਉਹ ਆਪਣੀ ਭੂਮੀ ਉੱਤੇ ਨਿਸ਼ਚਿੰਤ ਵੱਸਣਗੇ, ਤਾਂ ਕੋਈ ਉਹਨਾਂ ਨੂੰ ਨਾ ਡਰਾਵੇਗਾ।
27ਜਦੋਂ ਮੈਂ ਉਹਨਾਂ ਨੂੰ ਉੱਮਤਾਂ ਵਿੱਚੋਂ ਮੋੜ ਲਿਆਇਆ, ਉਹਨਾਂ ਨੂੰ ਵੈਰੀਆਂ ਦੇ ਦੇਸਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ।
28ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! ਇਸ ਲਈ ਕਿ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਗੁਲਾਮੀ ਵਿੱਚ ਭੇਜਿਆ ਅਤੇ ਮੈਂ ਹੀ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਇਕੱਠਾ ਕੀਤਾ। ਉਹਨਾਂ ਵਿੱਚੋਂ ਇੱਕ ਵੀ ਉੱਥੇ ਨਾ ਛੱਡਾਂਗਾ।
29ਮੈਂ ਫੇਰ ਕਦੀ ਉਹਨਾਂ ਤੋਂ ਆਪਣਾ ਮੂੰਹ ਨਾ ਲੁਕਾਵਾਂਗਾ ਜਦ ਮੈਂ ਆਪਣਾ ਆਤਮਾ ਇਸਰਾਏਲ ਦੇ ਘਰਾਣੇ ਉੱਤੇ ਵਹਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।