Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 34

Help us?
Click on verse(s) to share them!
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਪ੍ਰਭੂ ਯਹੋਵਾਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਅਫ਼ਸੋਸ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ?
3ਤੁਸੀਂ ਚਰਬੀ ਖਾਂਦੇ, ਉੱਨ ਪਹਿਨਦੇ ਹੋ ਅਤੇ ਮੋਟੀਆਂ ਨੂੰ ਕੱਟਦੇ ਹੋ, ਪਰ ਇੱਜੜ ਨਹੀਂ ਚਾਰਦੇ ਹੋ।
4ਤੁਸੀਂ ਲਿੱਸੀਆਂ ਨੂੰ ਤਕੜਾ ਨਹੀਂ ਕੀਤਾ, ਬਿਮਾਰਾਂ ਨੂੰ ਨਰੋਆ ਨਹੀਂ ਕੀਤਾ, ਟੁੱਟੇ ਹੋਏ ਨੂੰ ਨਹੀਂ ਬੰਨ੍ਹਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਲੱਭਿਆ, ਸਗੋਂ ਜ਼ੋਰ ਅਤੇ ਧੱਕੇ ਨਾਲ ਉਹਨਾਂ ਤੇ ਰਾਜ ਕੀਤਾ।
5ਉਹ ਖਿੱਲਰ ਗਏ, ਕਿਉਂ ਜੋ ਕੋਈ ਆਜੜੀ ਨਹੀਂ ਸੀ ਅਤੇ ਉਹ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ ਅਤੇ ਖਿੱਲਰ ਗਈਆਂ।
6ਮੇਰੀਆਂ ਭੇਡਾਂ ਸਾਰੇ ਪਹਾੜਾਂ ਉੱਤੇ ਅਤੇ ਹਰੇਕ ਉੱਚੇ ਟਿੱਬੇ ਤੇ ਭਟਕਦੀਆਂ ਸਨ। ਹਾਂ, ਮੇਰੀਆਂ ਭੇਡਾਂ ਸਾਰੀ ਧਰਤੀ ਤੇ ਖਿੱਲਰ ਗਈਆਂ ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ, ਨਾ ਉਹਨਾਂ ਦੀ ਭਾਲ ਕੀਤੀ।
7ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ!
8ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ, ਹਾਂ, ਮੇਰੀਆਂ ਭੇਡਾਂ ਹਰੇਕ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ, ਕਿਉਂ ਜੋ ਕੋਈ ਆਜੜੀ ਨਾ ਸੀ ਅਤੇ ਮੇਰੇ ਆਜੜੀਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਾ ਕੀਤੀ, ਸਗੋਂ ਆਜੜੀਆਂ ਨੇ ਆਪਣਾ ਢਿੱਡ ਭਰਿਆ ਅਤੇ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ।
9ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ!
10ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਜੜੀਆਂ ਦਾ ਵਿਰੋਧੀ ਹਾਂ, ਮੈਂ ਆਪਣਾ ਇੱਜੜ ਉਹਨਾਂ ਦੇ ਹੱਥੋਂ ਮੰਗਾਂਗਾ। ਉਹਨਾਂ ਨੂੰ ਇੱਜੜ ਚੁਰਾਉਣ ਤੋਂ ਹਟਾ ਦਿਆਂਗਾ ਅਤੇ ਆਜੜੀ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ।
11ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ।
12ਜਿਵੇਂ ਆਜੜੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿੱਲਰ ਗਈਆਂ ਹੋਣ। ਓਵੇਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿੱਲਰ ਗਈਆਂ ਸਨ, ਛੁਡਾ ਲਿਆਵਾਂਗਾ।
13ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ ਵਿੱਚੋਂ ਇਕੱਠਾ ਕਰਾਂਗਾ। ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ।
14ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।
15ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਹਨਾਂ ਨੂੰ ਲੇਟਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।
16ਮੈਂ ਗਵਾਚੀਆਂ ਹੋਈਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ। ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਾ ਕਰਾਂਗਾ, ਪਰ ਮੋਟੀਆਂ ਅਤੇ ਜ਼ੋਰਾਵਰਾਂ ਨੂੰ ਮਾਰਾਂਗਾ, ਮੈਂ ਉਹਨਾਂ ਨੂੰ ਨਿਆਂ ਨਾਲ ਚਾਰਾਂਗਾ।
17ਹੇ ਮੇਰੀਓ ਭੇਡੋ, ਤੁਹਾਡੇ ਵਿਖੇ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ।
18ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਜਾਪੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ?

19ਮੇਰੀਆਂ ਭੇਡਾਂ ਨੂੰ ਤੁਹਾਡੇ ਪੈਰਾਂ ਹੇਠਾਂ ਮਿੱਧੇ ਹੋਏ ਨੂੰ ਚਰਨਾਂ ਅਤੇ ਤੁਹਾਡੇ ਪੈਰਾਂ ਨਾਲ ਘਚੋਲੇ ਹੋਏ ਪਾਣੀ ਨੂੰ ਪੀਣਾ ਪੈਂਦਾ ਹੈ!
20ਇਸ ਲਈ ਪ੍ਰਭੂ ਯਹੋਵਾਹ ਉਹਨਾਂ ਨੂੰ ਇਹ ਆਖਦਾ ਹੈ, ਵੇਖੋ, ਮੈਂ, ਹਾਂ, ਮੈਂ ਹੀ ਮੋਟੀਆਂ ਅਤੇ ਲਿੱਸੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ।
21ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ।
22ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਉਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ ਅਤੇ ਮੈਂ ਭੇਡਾਂ ਵਿੱਚ ਨਿਆਂ ਕਰਾਂਗਾ।
23ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ।
24ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਮੇਰਾ ਦਾਸ ਦਾਊਦ ਉਹਨਾਂ ਦੇ ਵਿਚਕਾਰ ਰਾਜਕੁਮਾਰ ਹੋਵੇਗਾ। ਮੈਂ ਯਹੋਵਾਹ ਨੇ ਆਖਿਆ ਹੈ।
25ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ ਵਿੱਚੋਂ ਮੁਕਾ ਦਿਆਂਗਾ। ਉਹ ਉਜਾੜ ਵਿੱਚ ਸੁੱਖ ਨਾਲ ਵੱਸਣਗੇ ਅਤੇ ਜੰਗਲਾਂ ਵਿੱਚ ਸੌਣਗੇ।
26ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ।
27ਖੇਤ ਦੇ ਰੁੱਖ ਆਪਣਾ ਫ਼ਲ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ। ਉਹ ਸੁੱਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ ਅਤੇ ਜਦੋਂ ਮੈਂ ਉਹਨਾਂ ਦੀ ਪੰਜਾਲੀ ਦੀ ਰੱਸੀ ਖੋਲ੍ਹਾਂਗਾ। ਉਹਨਾਂ ਦੇ ਹੱਥੋਂ ਜਿਹੜੇ ਉਹਨਾਂ ਨੂੰ ਗ਼ੁਲਾਮ ਬਣਾਉਂਦੇ ਸਨ, ਛੁਡਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
28ਉਹ ਅੱਗੇ ਲਈ ਕੌਮਾਂ ਦਾ ਸ਼ਿਕਾਰ ਨਾ ਬਣਨਗੇ ਅਤੇ ਧਰਤੀ ਦੇ ਦਰਿੰਦੇ ਉਹਨਾਂ ਨੂੰ ਹੜੱਪ ਨਾ ਸਕਣਗੇ, ਸਗੋਂ ਉਹ ਸੁੱਖ ਨਾਲ ਵੱਸਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।
29ਮੈਂ ਉਹਨਾਂ ਦੇ ਲਈ ਇੱਕ ਚਾਰਗਾਹ ਉਗਾਵਾਂਗਾ ਅਤੇ ਉਹ ਫੇਰ ਕਦੇ ਆਪਣੇ ਦੇਸ ਵਿੱਚ ਭੁੱਖ ਨਾਲ ਨਹੀਂ ਮਰਨਗੇ ਅਤੇ ਅੱਗੇ ਨੂੰ ਕੌਮਾਂ ਦੀ ਸ਼ਰਮਿੰਦਗੀ ਨਾ ਸਹਿਣਗੇ।
30ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਨਾਲ ਹਾਂ ਅਤੇ ਉਹ ਅਰਥਾਤ ਇਸਰਾਏਲ ਦਾ ਘਰਾਣਾ ਮੇਰੀ ਪਰਜਾ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ।
31ਤੁਸੀਂ, ਹੇ ਮੇਰੀ ਭੇਡੋ, ਮੇਰੀ ਜੂਹ ਦੀਓ ਭੇਡੋ, ਤੁਸੀਂ ਮਨੁੱਖ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।