Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 8

Help us?
Click on verse(s) to share them!
1ਛੇਵੇਂ ਸਾਲ ਦੇ ਛੇਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਸਨ ਕਿ ਉੱਥੇ ਪ੍ਰਭੂ ਯਹੋਵਾਹ ਦਾ ਹੱਥ ਮੇਰੇ ਉੱਤੇ ਆਇਆ।
2ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ।
3ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ੁਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਲੈ ਆਇਆ, ਜਿੱਥੇ ਉਸ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ।
4ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਸੇ ਤਰ੍ਹਾਂ ਸੀ, ਜੋ ਦਰਸ਼ਣ ਮੈਂ ਉਸ ਮੈਦਾਨ ਵਿੱਚ ਵੇਖਿਆ ਸੀ।
5ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ।
6ਉਸ ਨੇ ਮੈਨੂੰ ਕਿਹਾ, ਹੇ ਮਨੁੱਖ ਦੇ ਪੁੱਤਰ! ਤੂੰ ਉਹਨਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ-ਵੱਡੇ ਘਿਣਾਉਣੇ ਕੰਮ, ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ, ਤਾਂ ਜੋ ਮੈਂ ਆਪਣੇ ਪਵਿੱਤਰ ਸਥਾਨ ਤੋਂ ਦੂਰ ਚਲਾ ਜਾਂਵਾਂ, ਪਰ ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ।
7ਤਦ ਉਹ ਮੈਨੂੰ ਵੇਹੜੇ ਦੇ ਦਰਵਾਜ਼ੇ ਤੇ ਲਿਆਇਆ, ਤਾਂ ਮੈਂ ਵੇਖਿਆ ਕਿ ਕੰਧ ਦੇ ਵਿੱਚ ਇੱਕ ਛੇਕ ਹੈ।
8ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੰਧ ਨੂੰ ਤੋੜ ਅਤੇ ਜਦੋਂ ਮੈਂ ਕੰਧ ਨੂੰ ਤੋੜਿਆ, ਤਾਂ ਵੇਖੋ ਇੱਕ ਦਰਵਾਜ਼ਾ ਸੀ।
9ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ ਅਤੇ ਵੇਖ ਕਿ ਕਿਸ ਤਰ੍ਹਾਂ ਦੇ ਘਿਣਾਉਣੇ ਕੰਮ ਉਹ ਇੱਥੇ ਕਰਦੇ ਹਨ!
10ਤਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ।
11ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਹਨਾਂ ਅੱਗੇ ਖਲੋਤੇ ਹਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖਲੋਤਾ ਹੈ। ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਧੂਫ਼ ਦੇ ਬੱਦਲ ਦੀ ਸੁਗੰਧ ਉੱਠ ਰਹੀ ਹੈ।
12ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ-ਆਪਣੀ ਚਿੱਤਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ।
13ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ, ਜੋ ਉਹ ਕਰਦੇ ਹਨ।
14ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉੱਤਰੀ ਦਰਵਾਜ਼ੇ ਤੇ ਲੈ ਆਇਆ ਤਾਂ ਵੇਖੋ, ਉੱਥੇ ਔਰਤਾਂ ਬੈਠੀਆਂ ਤੰਮੂਜ ਨੂੰ ਰੋ ਰਹੀਆਂ ਹਨ।
15ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ! ਕੀ ਤੂੰ ਇਹ ਵੇਖਿਆ ਹੈ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ।
16ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭਗ ਪੱਚੀ ਮਨੁੱਖ ਸਨ, ਜਿਹਨਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ।
17ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਯਹੂਦਾਹ ਦੇ ਘਰਾਣੇ ਲਈ ਇਹ ਨਿੱਕੀ ਜਿਹੀ ਗੱਲ ਹੈ, ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ।
18ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ-ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ।