Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 6

Help us?
Click on verse(s) to share them!
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ
2ਕਿ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਵੱਲ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ।
3ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਪ੍ਰਭੂ ਯਹੋਵਾਹ ਦਾ ਬਚਨ ਸੁਣੋ! ਪ੍ਰਭੂ ਯਹੋਵਾਹ ਪਹਾੜਾਂ, ਟਿੱਲਿਆਂ, ਨਾਲਿਆਂ ਅਤੇ ਵਾਦੀਆਂ ਨੂੰ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਸਥਾਨਾਂ ਨੂੰ ਨਾਸ ਕਰਾਂਗਾ।
4ਤੁਹਾਡੀਆਂ ਜਗਵੇਦੀਆਂ ਉੱਜੜ ਜਾਣਗੀਆਂ, ਤੁਹਾਡੇ ਥੰਮ੍ਹ ਢਾਹੇ ਜਾਣਗੇ ਅਤੇ ਮੈਂ ਤੁਹਾਡੇ ਕਤਲ ਕੀਤੇ ਹੋਇਆਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ।
5ਮੈਂ ਇਸਰਾਏਲੀਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ ਅਤੇ ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਆਲੇ-ਦੁਆਲੇ ਖਿਲਾਰ ਦਿਆਂਗਾ।
6ਤੁਹਾਡੇ ਰਹਿਣ ਦੇ ਸਾਰੇ ਇਲਾਕੇ ਦੇ ਸ਼ਹਿਰ ਉੱਜੜ ਜਾਣਗੇ ਅਤੇ ਉੱਚੇ ਸਥਾਨ ਵਿਰਾਨ ਹੋ ਜਾਣਗੇ, ਤਾਂ ਜੋ ਤੁਹਾਡੀਆਂ ਜਗਵੇਦੀਆਂ ਬਰਬਾਦ ਅਤੇ ਉਜਾੜ ਹੋਣ ਅਤੇ ਤੁਹਾਡੇ ਬੁੱਤ ਭੰਨੇ ਜਾਣ ਅਤੇ ਬਾਕੀ ਨਾ ਰਹਿਣ ਅਤੇ ਥੰਮ੍ਹ ਢਾਹੇ ਜਾਣ ਅਤੇ ਤੁਹਾਡੀ ਹੱਥ ਦੀ ਕਿਰਤ ਮਿਟ ਜਾਵੇ।
7ਕਤਲ ਕੀਤੇ ਹੋਏ ਬੰਦੇ ਤੁਹਾਡੇ ਵਿਚਕਾਰ ਡਿੱਗਣਗੇ ਭਈ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ ਹਾਂ!
8ਪਰੰਤੂ ਮੈਂ ਤੁਹਾਡੇ ਵਿੱਚੋਂ ਕੁਝ ਕੁ ਛੱਡ ਦਿਆਂਗਾ ਅਰਥਾਤ ਉਹ ਜਿਹੜੇ ਕੌਮਾਂ ਦੇ ਵਿੱਚੋਂ ਤਲਵਾਰ ਤੋਂ ਬਚ ਰਹਿਣਗੇ, ਜਦੋਂ ਤੁਸੀਂ ਦੂਜੇ ਦੇਸਾਂ ਵਿੱਚ ਖਿਲਾਰੇ ਜਾਓਗੇ।
9ਜਿਹੜੇ ਤੁਹਾਡੇ ਵਿੱਚੋਂ ਬਚ ਜਾਣਗੇ ਉਹ ਉਹਨਾਂ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗੁਲਾਮ ਹੋ ਕੇ ਜਾਣਗੇ, ਉਹ ਮੈਨੂੰ ਚੇਤੇ ਕਰਨਗੇ, ਜਦੋਂ ਮੈਂ ਉਹਨਾਂ ਦੇ ਵਿਭਚਾਰੀ ਮਨਾਂ ਤੋਂ ਜੋ ਮੇਰੇ ਤੋਂ ਦੂਰ ਹੋਏ ਅਤੇ ਉਹਨਾਂ ਦੀਆਂ ਅੱਖਾਂ ਨੂੰ ਜਿਹਨਾਂ ਨੇ ਉਹਨਾਂ ਦੇ ਬੁੱਤਾਂ ਮਗਰ ਵਿਭਚਾਰ ਕੀਤਾ, ਦੁੱਖੀ ਹੋਇਆ। ਉਹ ਆਪ ਆਪਣੇ ਸਾਰੇ ਬੁਰੇ ਕੰਮਾਂ ਦੇ ਕਾਰਨ ਜਿਹੜੇ ਉਹਨਾਂ ਨੇ ਆਪਣੀ ਸਾਰੀ ਦੁਸ਼ਟਤਾ ਨਾਲ ਕੀਤੇ, ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਨਫਰਤ ਕਰਨਗੇ।
10ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਐਂਵੇਂ ਹੀ ਨਹੀਂ ਆਖਿਆ ਸੀ ਕਿ ਮੈਂ ਉਹਨਾਂ ਉੱਤੇ ਇਹ ਬੁਰਿਆਈ ਲਿਆਵਾਂਗਾ।
11ਪ੍ਰਭੂ ਯਹੋਵਾਹ ਇਹ ਕਹਿੰਦਾ ਹੈ ਕਿ ਤੂੰ ਹੱਥ-ਪੈਰ ਮਾਰ, ਪਿੱਟ ਅਤੇ ਆਖ ਕਿ ਇਸਰਾਏਲ ਦੇ ਘਰਾਣੇ ਦੇ ਸਾਰੇ ਘਿਣਾਉਣੇ ਭੈੜੇ ਕੰਮਾਂ ਲਈ ਅਫ਼ਸੋਸ! ਕਿਉਂ ਜੋ ਉਹ ਤਲਵਾਰ, ਕਾਲ ਅਤੇ ਮਰੀ ਨਾਲ ਡਿੱਗ ਪੈਣਗੇ।
12ਜਿਹੜਾ ਦੂਰ ਹੈ ਉਹ ਮਰੀ ਨਾਲ ਅਤੇ ਜਿਹੜਾ ਨੇੜੇ ਹੈ ਤਲਵਾਰ ਨਾਲ ਮਰੇਗਾ ਅਤੇ ਉਹ ਜਿਹੜਾ ਬਾਕੀ ਹੈ ਅਤੇ ਜੀਉਂਦਾ ਹੈ, ਉਹ ਕਾਲ ਨਾਲ ਮਰੇਗਾ, ਇਸ ਤਰ੍ਹਾਂ ਮੈਂ ਉਹਨਾਂ ਉੱਤੇ ਆਪਣੇ ਕਹਿਰ ਨੂੰ ਪੂਰਾ ਕਰਾਂਗਾ।
13ਜਦ ਉਹਨਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਅਤੇ ਪਹਾੜਾਂ ਦੀਆਂ ਸਾਰੀਆਂ ਚੋਟੀਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਤੇ ਹਰੇਕ ਸੰਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਉਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਹਨਾਂ ਬੁੱਤਾਂ ਦੇ ਵਿੱਚ ਉਹਨਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
14ਮੈਂ ਆਪਣਾ ਹੱਥ ਉਹਨਾਂ ਦੇ ਵਿਰੁੱਧ ਪਸਾਰਾਂਗਾ ਅਤੇ ਉਜਾੜ ਤੋਂ ਲੈ ਕੇ ਦਿਬਲਾਹ ਤੱਕ ਉਹਨਾਂ ਦੇ ਦੇਸ ਦੀਆਂ ਸਾਰੀਆਂ ਬਸਤੀਆਂ ਬਰਬਾਦ ਤੇ ਵਿਰਾਨ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!