Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹਿਜ਼ਕੀਏਲ

ਹਿਜ਼ਕੀਏਲ 33

Help us?
Click on verse(s) to share them!
1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੇ ਪੁੱਤਰਾਂ ਨੂੰ ਬੋਲ ਅਤੇ ਤੂੰ ਉਹਨਾਂ ਨੂੰ ਆਖ, ਜਦੋਂ ਮੈਂ ਕਿਸੇ ਧਰਤੀ ਉੱਤੇ ਤਲਵਾਰ ਲਿਆਵਾਂ ਅਤੇ ਉੱਥੋਂ ਦੇ ਲੋਕੀ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਲੈਣ ਅਤੇ ਉਹ ਨੂੰ ਆਪਣਾ ਰਾਖ਼ਾ ਬਣਾਉਣ।
3ਉਹ ਤਲਵਾਰ ਨੂੰ ਆਪਣੀ ਧਰਤੀ ਤੇ ਆਉਂਦਾ ਵੇਖ ਕੇ ਨਰਸਿੰਗਾ ਫੂਕੇ ਅਤੇ ਲੋਕਾਂ ਨੂੰ ਚੌਕਸ ਕਰੇ।
4ਤਦ ਜਿਹੜਾ ਕੋਈ ਨਰਸਿੰਗੇ ਦੀ ਅਵਾਜ਼ ਸੁਣੇ ਅਤੇ ਚੌਕਸ ਨਾ ਹੋਵੇ। ਤਲਵਾਰ ਆਏ ਅਤੇ ਉਹ ਨੂੰ ਲੈ ਜਾਵੇ, ਤਾਂ ਉਹ ਦਾ ਖ਼ੂਨ ਉਹ ਦੇ ਆਪਣੇ ਸਿਰ ਤੇ ਹੋਵੇਗਾ।
5ਉਹ ਨੇ ਨਰਸਿੰਗੇ ਦੀ ਅਵਾਜ਼ ਸੁਣੀ ਤੇ ਚੌਕਸ ਨਾ ਹੋਇਆ। ਉਹ ਦਾ ਖ਼ੂਨ ਉਸੇ ਉੱਤੇ ਹੋਵੇਗਾ ਪਰ ਜੇਕਰ ਉਹ ਖ਼ਬਰਦਾਰ ਹੁੰਦਾ, ਤਾਂ ਆਪਣੀ ਜਾਨ ਬਚਾਉਂਦਾ।
6ਪਰ ਜੇਕਰ ਰਾਖ਼ਾ ਤਲਵਾਰ ਨੂੰ ਆਉਂਦਾ ਵੇਖੇ, ਪਰ ਨਰਸਿੰਗੇ ਨਾ ਫੂਕੇ ਅਤੇ ਲੋਕ ਖ਼ਬਰਦਾਰ ਨਾ ਕੀਤੇ ਜਾਣ। ਤਲਵਾਰ ਆਵੇ ਅਤੇ ਉਹਨਾਂ ਵਿੱਚੋਂ ਕਿਸੇ ਦੇ ਪ੍ਰਾਣ ਲੈ ਜਾਵੇ, ਤਾਂ ਉਹ ਆਪਣੇ ਔਗੁਣ ਕਰਕੇ ਲਿਆ ਗਿਆ, ਪਰ ਮੈਂ ਉਹ ਦਾ ਖ਼ੂਨ ਰਾਖੇ ਦੇ ਹੱਥੋਂ ਮੰਗਾਂਗਾ।
7ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੌਕਸ ਕਰ।
8ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ, ਦੁਸ਼ਟਾ! ਤੂੰ ਜ਼ਰੂਰ ਮਰੇਂਗਾ, ਉਸ ਵੇਲੇ ਜੇਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਚੌਕਸ ਨਾ ਕਰੇਂ, ਤਾਂ ਉਹ ਦੁਸ਼ਟ ਤਾਂ ਆਪਣੇ ਔਗੁਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ।
9ਪਰ ਜੇ ਤੂੰ ਉਸ ਦੁਸ਼ਟ ਨੂੰ ਚੌਕਸ ਕਰੇਂ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ, ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ।
10ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਤੁਸੀਂ ਇਹ ਆਖਦੇ ਹੋ ਕਿ ਸਾਡੇ ਅਪਰਾਧ ਅਤੇ ਸਾਡੇ ਪਾਪ ਸਾਡੇ ਉੱਤੇ ਹਨ ਅਤੇ ਅਸੀਂ ਉਹਨਾਂ ਵਿੱਚ ਗਲਦੇ ਜਾਂਦੇ ਹਾਂ, ਇਸ ਲਈ ਅਸੀਂ ਕਿਵੇਂ ਜੀਉਂਦੇ ਰਹਾਂਗੇ?
11ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਮੈਂ ਖੁਸ਼ ਹੁੰਦਾ ਹਾਂ ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ?
12ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।
13ਜਦੋਂ ਮੈਂ ਧਰਮੀ ਨੂੰ ਆਖਾਂ ਕਿ ਤੂੰ ਜ਼ਰੂਰ ਜੀਉਂਦਾ ਰਹੇਂਗਾ, ਜੇਕਰ ਉਹ ਆਪਣੇ ਧਰਮ ਤੇ ਭਰੋਸਾ ਕਰ ਕੇ ਕੁਕਰਮ ਕਰੇ, ਤਾਂ ਉਹ ਦੇ ਸਾਰੇ ਧਰਮ ਦੇ ਕੰਮ ਚੇਤੇ ਨਾ ਕੀਤੇ ਜਾਣਗੇ ਅਤੇ ਉਹ ਉਹਨਾਂ ਦੋਸ਼ਾਂ ਦੇ ਕਾਰਨ ਜੋ ਉਹ ਨੇ ਕੀਤੇ ਹਨ, ਮਰੇਗਾ।
14ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਜ਼ਰੂਰ ਮਰੇਂਗਾ, ਜੇਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਤੇ ਧਰਮ ਹੈ।
15ਜੇਕਰ ਉਹ ਦੁਸ਼ਟ ਗਹਿਣੇ ਰੱਖਿਆ ਮਾਲ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ।
16ਤਦ ਸਾਰੇ ਪਾਪ ਜੋ ਉਹ ਨੇ ਕੀਤੇ ਹਨ, ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।
17ਪਰ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ, ਪਰ ਉਹਨਾਂ ਦਾ ਆਪਣਾ ਹੀ ਰਾਹ ਇੱਕੋ ਜਿਹਾ ਨਹੀਂ ਹੈ।
18ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ, ਤਾਂ ਉਹ ਉਸ ਦੇ ਵਿੱਚ ਮਰੇਗਾ।

19ਜੇਕਰ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ।
20ਫੇਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।
21ਸਾਡੀ ਗੁਲਾਮੀ ਦੇ ਬਾਰਵੇਂ ਸਾਲ ਦੇ ਦਸਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਅਜਿਹਾ ਹੋਇਆ ਕਿ ਇੱਕ ਜਿਹੜਾ ਯਰੂਸ਼ਲਮ ਵਿੱਚੋਂ ਬਚ ਨਿੱਕਲਿਆ ਸੀ, ਮੇਰੇ ਕੋਲ ਆਇਆ ਅਤੇ ਆਖਣ ਲੱਗਾ ਕਿ ਸ਼ਹਿਰ ਮਾਰਿਆ ਗਿਆ ਹੈ!
22ਸ਼ਾਮ ਦੇ ਵੇਲੇ ਉਸ ਬਚੇ ਹੋਏ ਦੇ ਪਹੁੰਚਣ ਤੋਂ ਪਹਿਲਾਂ ਯਹੋਵਾਹ ਦਾ ਹੱਥ ਮੇਰੇ ਉੱਪਰ ਸੀ ਅਤੇ ਉਸ ਦੇ ਸਵੇਰੇ ਮੇਰੇ ਕੋਲ ਆਉਣ ਤੱਕ, ਉਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ। ਮੇਰਾ ਮੂੰਹ ਖੁੱਲ੍ਹਾ ਸੀ ਅਤੇ ਫੇਰ ਮੈਂ ਗੂੰਗਾ ਨਾ ਰਿਹਾ।
23ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
24ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਭੂਮੀ ਦੇ ਉਜਾੜਾਂ ਦੇ ਵਾਸੀ ਇਹ ਆਖਦੇ ਹਨ ਕਿ ਅਬਰਾਹਾਮ ਇੱਕੋ ਹੀ ਸੀ ਅਤੇ ਉਹ ਇਸ ਦੇਸ ਦਾ ਵਾਰਿਸ ਹੋਇਆ, ਪਰ ਅਸੀਂ ਤਾਂ ਬਹੁਤ ਸਾਰੇ ਹਾਂ, ਦੇਸ ਸਾਨੂੰ ਵਿਰਸੇ ਵਿੱਚ ਦਿੱਤਾ ਗਿਆ ਹੈ।
25ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਲਹੂ ਸਮੇਤ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?
26ਤੁਸੀਂ ਆਪਣੀ ਤਲਵਾਰ ਤੇ ਭਰੋਸਾ ਕਰਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਵਹੁਟੀ ਨੂੰ ਭਰਿਸ਼ਟ ਕਰਦਾ ਹੈ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?
27ਤੂੰ ਉਹਨਾਂ ਨੂੰ ਇਹ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ।
28ਮੈਂ ਇਸ ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਇਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ ਅਤੇ ਇਸਰਾਏਲ ਦੇ ਪਰਬਤ ਉੱਜੜ ਜਾਣਗੇ, ਇੱਥੋਂ ਤੱਕ ਕਿ ਕੋਈ ਉਹਨਾਂ ਤੋਂ ਨਹੀਂ ਲੰਘੇਗਾ।
29ਜਦੋਂ ਮੈਂ ਉਹਨਾਂ ਦੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਹਨਾਂ ਕੀਤੇ ਹਨ, ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
30ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ਚੱਲੋ, ਉਹ ਵਾਕ ਸੁਣੀਏ ਜੋ ਯਹੋਵਾਹ ਵੱਲੋਂ ਆਉਂਦਾ ਹੈ।
31ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ।
32ਵੇਖ, ਤੂੰ ਉਹਨਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ, ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਵਜਾਉਣ ਵਿੱਚ ਚੰਗਾ ਹੋਵੇ, ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਹਨਾਂ ਉੱਤੇ ਚੱਲਦੇ ਨਹੀਂ ਹਨ।
33ਜਦੋਂ ਇਹ ਗੱਲਾਂ ਹੋਣਗੀਆਂ, ਵੇਖ! ਇਹ ਵਾਪਰਨ ਵਾਲੀਆਂ ਹਨ, ਤਦ ਉਹ ਜਾਣਨਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਸੀ!