Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਬਿਵਸਥਾ

ਬਿਵਸਥਾ 7

Help us?
Click on verse(s) to share them!
1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ ਅਤੇ ਤੁਹਾਡੇ ਅੱਗਿਓਂ ਬਹੁਤ ਸਾਰੀਆਂ ਕੌਮਾਂ ਨੂੰ ਪੁੱਟ ਸੁੱਟੇ ਅਰਥਾਤ ਅਮੋਰੀ, ਕਨਾਨੀ, ਹਿੱਤੀ, ਫ਼ਰਿੱਜ਼ੀ, ਹਿੱਵੀ, ਯਬੂਸੀ ਅਤੇ ਗਿਰਗਾਸ਼ੀ ਨਾਂ ਦੀਆਂ ਸੱਤ ਕੌਮਾਂ ਨੂੰ ਜਿਹੜੀਆਂ ਤੁਹਾਡੇ ਨਾਲੋਂ ਵੱਧ ਅਤੇ ਬਲਵੰਤ ਹਨ
2ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਹਰਾ ਦੇਵੇ ਤਾਂ ਤੁਸੀਂ ਉਹਨਾਂ ਨੂੰ ਮਾਰ ਸੁੱਟਿਓ। ਤੁਸੀਂ ਉਹਨਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਓ, ਤੁਸੀਂ ਨਾ ਉਹਨਾਂ ਨਾਲ ਨੇਮ ਬੰਨ੍ਹਿਓ ਅਤੇ ਨਾ ਹੀ ਉਹਨਾਂ ਉੱਤੇ ਤਰਸ ਖਾਇਓ,
3ਨਾ ਉਹਨਾਂ ਨਾਲ ਵਿਆਹ ਕਰਿਓ ਅਤੇ ਨਾ ਕੋਈ ਉਹਨਾਂ ਦੇ ਪੁੱਤਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤਰ ਲਈ ਉਹਨਾਂ ਦੀ ਧੀ ਲਵੇ,
4ਕਿਉਂ ਜੋ ਉਹ ਤੁਹਾਡੇ ਪੁੱਤਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ, ਤਾਂ ਜੋ ਉਹ ਦੂਜੇ ਦੇਵਤਿਆਂ ਦੀ ਪੂਜਾ ਕਰਨ, ਇਸ ਕਾਰਨ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਝੱਟ ਪੱਟ ਤੁਹਾਡਾ ਨਾਸ ਕਰ ਦੇਵੇਗਾ।
5ਪਰ ਤੁਸੀਂ ਉਹਨਾਂ ਨਾਲ ਅਜਿਹਾ ਵਰਤਾਉ ਕਰਿਓ: ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਉਹਨਾਂ ਦੇ ਥੰਮ੍ਹਾਂ ਨੂੰ ਚੂਰ-ਚੂਰ ਕਰ ਦਿਓ, ਉਹਨਾਂ ਦੀ ਅਸ਼ੇਰਾਹ ਦੇਵੀ ਦੇ ਟੁੰਡਾਂ ਨੂੰ ਵੱਢ ਸੁੱਟਿਓ ਅਤੇ ਉਹਨਾਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦਿਓ।
6ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਹੈ ਕਿ ਤੁਸੀਂ ਧਰਤੀ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜ-ਪਰਜਾ ਹੋਵੋ।
7ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕਰਕੇ ਤੁਹਾਨੂੰ ਇਸ ਕਾਰਨ ਨਹੀਂ ਚੁਣਿਆ ਕਿ ਤੁਸੀਂ ਗਿਣਤੀ ਵਿੱਚ ਸਾਰੇ ਲੋਕਾਂ ਨਾਲੋਂ ਜ਼ਿਆਦਾ ਸੀ, ਤੁਸੀਂ ਤਾਂ ਸਾਰੇ ਲੋਕਾਂ ਵਿੱਚੋਂ ਥੋੜ੍ਹੇ ਜਿਹੇ ਸੀ,
8ਪਰ ਇਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸਹੁੰ ਦੀ ਪਾਲਨਾ ਕੀਤੀ, ਜਿਹੜੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਇਸ ਕਾਰਨ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਅਰਥਾਤ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ।
9ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਰਮੇਸ਼ੁਰ ਹੈ, ਉਹ ਆਪਣੇ ਬਚਨ ਦਾ ਪੱਕਾ ਪਰਮੇਸ਼ੁਰ ਹੈ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੱਕ ਉਨ੍ਹਾਂ ਉੱਤੇ ਦਯਾ ਕਰਦਾ ਹੈ, ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।
10ਉਹ ਆਪਣੇ ਵੈਰੀਆਂ ਦੇ ਵੇਖਦਿਆਂ ਹੀ ਉਹਨਾਂ ਦਾ ਨਾਸ ਕਰ ਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਢਿੱਲ ਨਾ ਲਾਵੇਗਾ ਪਰ ਉਨ੍ਹਾਂ ਦੇ ਵੇਖਦਿਆਂ-ਵੇਖਦਿਆਂ ਹੀ ਉਹਨਾਂ ਨੂੰ ਬਦਲਾ ਦੇਵੇਗਾ।
11ਇਸ ਲਈ ਤੁਸੀਂ ਉਸ ਹੁਕਮਨਾਮੇ, ਬਿਧੀਆਂ, ਅਤੇ ਕਨੂੰਨਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ, ਪੂਰੇ ਕਰ ਕੇ ਪਾਲਨਾ ਕਰੋ।
12ਅਜਿਹਾ ਹੋਵੇਗਾ ਕਿ ਇਸ ਕਾਰਨ ਕਿ ਤੁਸੀਂ ਇਹਨਾਂ ਕਨੂੰਨਾਂ ਨੂੰ ਸੁਣਦੇ ਅਤੇ ਪੂਰਾ ਕਰ ਕੇ ਉਹਨਾਂ ਦੀ ਪਾਲਣਾ ਕਰਦੇ ਹੋ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੇਮ ਨੂੰ ਅਤੇ ਉਸ ਦਯਾ ਨੂੰ ਜਿਹੜੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾ ਕੇ ਕੀਤੀ ਸੀ, ਕਾਇਮ ਰੱਖੇਗਾ।
13ਉਹ ਤੁਹਾਡੇ ਨਾਲ ਪ੍ਰੇਮ ਕਰੇਗਾ, ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡਾ ਵਾਧਾ ਕਰੇਗਾ। ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਜ਼ਮੀਨ ਦੇ ਫਲ, ਤੁਹਾਡੇ ਅੰਨ, ਤੁਹਾਡੀ ਨਵੀਂ ਮਧ, ਤੁਹਾਡੇ ਤੇਲ ਨੂੰ, ਚੌਣਿਆਂ ਦੇ ਬੱਚਿਆਂ ਨੂੰ ਅਤੇ ਇੱਜੜ ਦੇ ਲੇਲਿਆਂ ਨੂੰ ਉਸ ਜ਼ਮੀਨ ਉੱਤੇ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਬਰਕਤ ਦੇਵੇਗਾ।
14ਤੁਸੀਂ ਸਾਰਿਆਂ ਲੋਕਾਂ ਵਿੱਚੋਂ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਨਾ ਕੋਈ ਪੁਰਖ ਅਤੇ ਨਾ ਕੋਈ ਇਸਤਰੀ ਬੇ-ਔਲਾਦ ਰਹੇਗੀ ਅਤੇ ਨਾ ਹੀ ਤੁਹਾਡੇ ਡੰਗਰਾਂ ਵਿੱਚੋਂ ਕੋਈ।
15ਯਹੋਵਾਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੁਹਾਡੇ ਤੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਨਾ ਲਾਵੇਗਾ ਪਰ ਉਹ ਉਨ੍ਹਾਂ ਨੂੰ ਉਹਨਾਂ ਦੇ ਉੱਤੇ ਪਾਵੇਗਾ ਜਿਹੜੇ ਤੁਹਾਡੇ ਤੋਂ ਵੈਰ ਰੱਖਦੇ ਹਨ।
16ਤੁਸੀਂ ਉਹਨਾਂ ਸਾਰਿਆਂ ਲੋਕਾਂ ਨੂੰ ਨਾਸ ਕਰ ਸੁੱਟੋਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ। ਤੁਹਾਡੀਆਂ ਅੱਖਾਂ ਉਹਨਾਂ ਉੱਤੇ ਤਰਸ ਨਾ ਖਾਣ, ਨਾ ਹੀ ਤੁਸੀਂ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਇੱਕ ਫਾਹੀ ਹੋਣਗੇ।
17ਜੇ ਤੁਸੀਂ ਆਪਣੇ ਦਿਲਾਂ ਵਿੱਚ ਆਖੋ, “ਇਹ ਕੌਮਾਂ ਸਾਡੇ ਨਾਲੋਂ ਬਹੁਤੀਆਂ ਹਨ, ਅਸੀਂ ਉਹਨਾਂ ਉੱਤੇ ਕਿਵੇਂ ਕਾਬੂ ਕਰ ਸਕਦੇ ਹਾਂ?”
18ਤੁਸੀਂ ਉਹਨਾਂ ਤੋਂ ਨਾ ਡਰਿਓ। ਤੁਸੀਂ ਉਹ ਸਭ ਕੁਝ ਚੰਗੀ ਤਰ੍ਹਾਂ ਯਾਦ ਰੱਖਿਓ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਫ਼ਿਰਊਨ ਨਾਲ ਅਤੇ ਸਾਰੇ ਮਿਸਰੀਆਂ ਨਾਲ ਕੀਤਾ ਸੀ।

19ਉਹ ਵੱਡੇ ਪਰਤਾਵੇ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੇ ਵੇਖਿਆ ਅਤੇ ਉਹ ਨਿਸ਼ਾਨ, ਅਚਰਜ਼ ਕੰਮ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਜਿਸ ਦੇ ਨਾਲ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕੱਢ ਲਿਆਇਆ, ਯਹੋਵਾਹ ਤੁਹਾਡਾ ਪਰਮੇਸ਼ੁਰ ਸਾਰਿਆਂ ਲੋਕਾਂ ਨਾਲ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਇਸੇ ਤਰ੍ਹਾਂ ਹੀ ਕਰੇਗਾ।
20ਸਗੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਵਿੱਚ ਡੇਹਮੂ ਭੇਜੇਗਾ, ਜਦ ਤੱਕ ਕਿ ਉਹ ਜਿਹੜੇ ਬਚ ਜਾਣ ਅਤੇ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓਂ ਨਾਸ ਨਾ ਹੋ ਜਾਣ।
21ਤੁਸੀਂ ਉਹਨਾਂ ਤੋਂ ਭੈਅ ਨਾ ਖਾਇਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ। ਉਹ ਇੱਕ ਵੱਡਾ ਅਤੇ ਭੈਅ ਦਾਇਕ ਪਰਮੇਸ਼ੁਰ ਹੈ।
22ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਹੌਲੀ-ਹੌਲੀ ਕੱਢੇਗਾ। ਤੁਸੀਂ ਉਨ੍ਹਾਂ ਨੂੰ ਇੱਕ ਦਮ ਨਾਸ ਨਾ ਕਰਿਓ, ਕਿਤੇ ਅਜਿਹਾ ਨਾ ਹੋਵੇ ਕਿ ਜੰਗਲੀ ਜਾਨਵਰ ਤੁਹਾਡੇ ਨਾਲੋਂ ਵੱਧ ਹੋ ਜਾਣ।
23ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਅਤੇ ਵੱਡੀ ਘਬਰਾਹਟ ਨਾਲ ਉਹਨਾਂ ਨੂੰ ਘਬਰਾ ਦੇਵੇਗਾ, ਜਦ ਤੱਕ ਕਿ ਉਹਨਾਂ ਦਾ ਨਾਸ ਨਾ ਹੋ ਜਾਵੇ।
24ਉਹ ਉਹਨਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ ਅਤੇ ਤੁਸੀਂ ਉਹਨਾਂ ਦਾ ਨਾਂ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਮਨੁੱਖ ਤੁਹਾਡੇ ਸਾਹਮਣੇ ਠਹਿਰ ਨਾ ਸਕੇਗਾ ਐਥੋਂ ਤੱਕ ਕਿ ਤੁਸੀਂ ਉਹਨਾਂ ਦਾ ਨਾਸ ਕਰ ਸੁੱਟੋਗੇ।
25ਤੁਸੀਂ ਉਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਸੁੱਟਿਓ ਅਤੇ ਤੁਸੀਂ ਉਸ ਚਾਂਦੀ ਅਤੇ ਸੋਨੇ ਦਾ ਲੋਭ ਨਾ ਕਰਿਓ ਜਿਹੜਾ ਉਹਨਾਂ ਦੇ ਉੱਤੇ ਹੈ, ਅਤੇ ਨਾ ਹੀ ਉਸ ਨੂੰ ਆਪਣੇ ਲਈ ਲਿਓ, ਕਿਤੇ ਤੁਸੀਂ ਉਹਨਾਂ ਦੇ ਫੰਦੇ ਵਿੱਚ ਫਸ ਜਾਓ, ਕਿਉਂ ਜੋ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਇੱਕ ਘਿਣਾਉਣੀ ਚੀਜ਼ ਹੈ।
26ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨੂੰ ਨਾ ਲਿਆਓ ਕਿਤੇ ਤੁਸੀਂ ਉਸ ਦੀ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਤੇ ਘਿਣ ਹੀ ਘਿਣ ਕਰਿਓ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।