Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਬਿਵਸਥਾ

ਬਿਵਸਥਾ 14

Help us?
Click on verse(s) to share them!
1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤਰ ਹੋ। ਇਸ ਲਈ ਤੁਸੀਂ ਨਾ ਤਾਂ ਮੁਰਦਿਆਂ ਦੇ ਕਾਰਨ ਆਪਣੇ ਆਪ ਨੂੰ ਚੀਰਨਾ ਅਤੇ ਨਾ ਹੀ ਆਪਣੇ ਭਰਵੱਟਿਆਂ ਦਾ ਭੱਦਣ ਕਰਾਇਓ
2ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੀ ਨਿੱਜ-ਪਰਜਾ ਹੋਣ ਲਈ ਚੁਣ ਲਿਆ ਹੈ।
3ਤੁਸੀਂ ਕਿਸੇ ਘਿਣਾਉਣੀ ਚੀਜ਼ ਨੂੰ ਨਾ ਖਾਇਓ।
4ਜਿਨ੍ਹਾਂ ਪਸ਼ੂਆਂ ਨੂੰ ਤੁਸੀਂ ਖਾ ਸਕਦੇ ਹੋ, ਉਹ ਇਹ ਹਨ ਅਰਥਾਤ ਬਲ਼ਦ, ਭੇਡ, ਬੱਕਰੀ
5ਹਿਰਨ, ਚਿਕਾਰਾ, ਲਾਲ ਹਿਰਨ, ਜੰਗਲੀ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ।
6ਪਸ਼ੂਆਂ ਵਿੱਚੋਂ ਹਰੇਕ ਪਸ਼ੂ ਜਿਸ ਦੇ ਖੁਰ ਪਾਟੇ ਹੋਏ ਹੋਣ ਅਰਥਾਤ ਖੁਰਾਂ ਦੇ ਦੋ ਵੱਖ-ਵੱਖ ਹਿੱਸੇ ਹੋਣ ਅਤੇ ਜੁਗਾਲੀ ਕਰਨ ਵਾਲਾ ਹੋਵੇ, ਉਹ ਤੁਸੀਂ ਖਾ ਸਕਦੇ ਹੋ।
7ਫੇਰ ਵੀ ਤੁਸੀਂ ਇਨ੍ਹਾਂ ਪਸ਼ੂਆਂ ਵਿੱਚੋਂ ਨਾ ਖਾਇਓ ਭਾਵੇਂ ਇਹ ਜੁਗਾਲੀ ਕਰਦੇ ਹੋਣ ਜਾਂ ਇਨ੍ਹਾਂ ਦੇ ਖੁਰ ਪਾਟੇ ਹੋਣ ਅਰਥਾਤ ਊਠ, ਖਰਗੋਸ਼ ਅਤੇ ਪਹਾੜੀ ਖਰਗੋਸ਼, ਕਿਉਂ ਜੋ ਇਹ ਜੁਗਾਲੀ ਤਾਂ ਕਰਦੇ ਹਨ ਪਰ ਇਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ, ਇਹ ਤੁਹਾਡੇ ਲਈ ਅਸ਼ੁੱਧ ਹਨ,
8ਸੂਰ, ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੋਏ ਹਨ ਪਰ ਇਹ ਜੁਗਾਲੀ ਨਹੀਂ ਕਰਦਾ, ਇਹ ਤੁਹਾਡੇ ਲਈ ਅਸ਼ੁੱਧ ਹੈ, ਤੁਸੀਂ ਨਾ ਤਾਂ ਇਨ੍ਹਾਂ ਦਾ ਮਾਸ ਖਾਣਾ ਅਤੇ ਨਾ ਇਨ੍ਹਾਂ ਦੀ ਲੋਥ ਨੂੰ ਛੂਹਣਾ।
9ਜਿੰਨ੍ਹੇ ਜਲ-ਜੰਤੂ ਹਨ ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ ਅਰਥਾਤ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ।
10ਪਰ ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਤੁਸੀਂ ਨਾ ਖਾਇਓ। ਉਹ ਤੁਹਾਡੇ ਲਈ ਅਸ਼ੁੱਧ ਹਨ।
11ਸਾਰੇ ਪਵਿੱਤਰ ਪੰਛੀ ਤੁਸੀਂ ਖਾ ਸਕਦੇ ਹੋ।
12ਪਰ ਇਨ੍ਹਾਂ ਨੂੰ ਤੁਸੀਂ ਨਾ ਖਾਇਓ ਅਰਥਾਤ ਉਕਾਬ, ਗਿੱਧ, ਮੱਛੀ ਮਾਰ,
13ਇੱਲ, ਲਗੜ ਅਤੇ ਗਿਰਝ ਉਸ ਦੀ ਪ੍ਰਜਾਤੀ ਅਨੁਸਾਰ,
14ਹਰ ਇੱਕ ਪ੍ਰਕਾਰ ਦੇ ਕਾਂ ਉਸ ਦੀ ਪ੍ਰਜਾਤੀ ਅਨੁਸਾਰ,
15ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਉਸ ਦੀ ਪ੍ਰਜਾਤੀ ਅਨੁਸਾਰ,
16ਨਿੱਕਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ,
17ਹਵਾਸਿਲ, ਗਿਰਝ, ਮਾਹੀ ਗੀਰ,
18ਲਮਢੀਂਗ ਅਤੇ ਬਗਲਾ ਉਸ ਦੀ ਪ੍ਰਜਾਤੀ ਅਨੁਸਾਰ, ਚੱਕੀ ਰਾਹ ਅਤੇ ਚਮਗਾਦੜ,

19ਅਤੇ ਸਾਰੇ ਘਿਸਰਨ ਵਾਲੇ ਪੰਖੇਰੂ, ਉਹ ਤੁਹਾਡੇ ਲਈ ਅਸ਼ੁੱਧ ਹਨ, ਉਹ ਨਾ ਖਾਧੇ ਜਾਣ।
20ਪਰ ਸਾਰੇ ਸ਼ੁੱਧ ਪੰਖੇਰੂ ਤੁਸੀਂ ਖਾ ਸਕਦੇ ਹੋ।
21ਜੋ ਆਪਣੇ ਆਪ ਮਰ ਜਾਵੇ, ਉਸ ਨੂੰ ਤੁਸੀਂ ਨਾ ਖਾਇਓ। ਇਹ ਤੁਸੀਂ ਉਸ ਪਰਦੇਸੀ ਨੂੰ ਖਾਣ ਲਈ ਦੇ ਸਕਦੇ ਹੋ ਜਿਹੜਾ ਤੁਹਾਡੇ ਫਾਟਕ ਦੇ ਅੰਦਰ ਹੈ ਜਾਂ ਉਸ ਨੂੰ ਕਿਸੇ ਪਰਾਏ ਕੋਲ ਵੇਚ ਸਕਦੇ ਹੋ, ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤਰ ਪਰਜਾ ਹੋ। ਤੁਸੀਂ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲਿਓ।
22ਤੁਸੀਂ ਜ਼ਰੂਰ ਹੀ ਆਪਣੇ ਬੀਜ ਦੀ ਸਾਰੀ ਪੈਦਾਵਾਰ ਦਾ ਦਸਵੰਧ ਦਿਓ, ਜਿਹੜੀ ਖੇਤ ਵਿੱਚੋਂ ਸਾਲ ਦੇ ਸਾਲ ਨਿੱਕਲਦੀ ਹੈ।
23ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣਾ ਨਾਮ ਵਸਾਉਣ ਲਈ ਚੁਣੇਗਾ ਆਪਣੇ ਅੰਨ, ਆਪਣੀ ਨਵੀਂ ਮਧ ਅਤੇ ਆਪਣੇ ਤੇਲ ਦੇ ਦਸਵੰਧ ਨੂੰ ਅਤੇ ਆਪਣੇ ਇੱਜੜ ਤੇ ਆਪਣੇ ਚੌਣੇ ਦੇ ਪਹਿਲੌਠਿਆਂ ਨੂੰ ਖਾਇਓ, ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਸਦਾ ਤੱਕ ਮੰਨਣਾ ਸਿੱਖੋ।
24ਜੇਕਰ ਉਹ ਸਥਾਨ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ,
25ਤਾਂ ਤੁਸੀਂ ਉਹ ਨੂੰ ਚਾਂਦੀ ਨਾਲ ਬਦਲ ਕੇ, ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਿਓ ਅਤੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ,
26ਤੁਸੀਂ ਉਸ ਚਾਂਦੀ ਨਾਲ ਗਾਂ-ਬਲ਼ਦ, ਭੇਡ, ਦਾਖਰਸ, ਮਧ ਜਾਂ ਕੋਈ ਵੀ ਵਸਤੂ ਜਿਸ ਲਈ ਤੁਹਾਡਾ ਜੀ ਲੋਚੇ, ਮੁੱਲ ਲੈ ਲਿਓ ਅਤੇ ਉਸ ਨੂੰ ਤੁਸੀਂ ਆਪਣੇ ਘਰਾਣੇ ਸਮੇਤ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਖਾਇਓ ਅਤੇ ਅਨੰਦ ਕਰਿਓ।
27ਤੁਸੀਂ ਉਸ ਲੇਵੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਭੁੱਲ ਨਾ ਜਾਇਓ, ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ।
28ਹਰੇਕ ਤਿੰਨ ਸਾਲ ਦੇ ਅੰਤ ਵਿੱਚ ਤੁਸੀਂ ਤੀਜੇ ਸਾਲ ਦੀ ਆਪਣੀ ਪੈਦਾਵਾਰ ਦਾ ਸਾਰਾ ਦਸਵੰਧ ਲਿਆ ਕੇ ਆਪਣੇ ਫਾਟਕਾਂ ਦੇ ਅੰਦਰ ਰੱਖਿਓ,
29ਤਦ ਲੇਵੀ, ਜਿਸ ਦਾ ਤੁਹਾਡੇ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਜੋ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਆ ਕੇ ਖਾਣ ਅਤੇ ਰੱਜਣ, ਤਾਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।