Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਬਿਵਸਥਾ

ਬਿਵਸਥਾ 25

Help us?
Click on verse(s) to share them!
1“ਜੇ ਮਨੁੱਖਾਂ ਵਿੱਚ ਝਗੜਾ ਹੋ ਜਾਵੇ ਅਤੇ ਉਹ ਨਿਆਂ ਕਰਾਉਣ ਲਈ ਨਿਆਂਈਆਂ ਦੇ ਕੋਲ ਆਉਣ ਅਤੇ ਉਹ ਉਨ੍ਹਾਂ ਦਾ ਨਿਆਂ ਕਰਨ ਤਾਂ ਉਹ ਧਰਮੀ ਨੂੰ ਧਰਮੀ ਅਤੇ ਬੁਰੇ ਨੂੰ ਬੁਰਾ ਠਹਿਰਾਉਣ।
2ਅਜਿਹਾ ਹੋਵੇ ਕਿ ਜੇਕਰ ਉਹ ਬੁਰਾ ਮਨੁੱਖ ਮਾਰ ਖਾਣ ਦੇ ਯੋਗ ਠਹਿਰੇ, ਤਾਂ ਨਿਆਈਂ ਉਸ ਨੂੰ ਲੰਮਾ ਪੁਆ ਲਵੇ ਅਤੇ ਆਪਣੇ ਸਾਹਮਣੇ ਉਸ ਦੀ ਬੁਰਿਆਈ ਦੇ ਅਨੁਸਾਰ ਉਸ ਨੂੰ ਗਿਣ ਕੇ ਕੋਰੜੇ ਲਗਵਾਏ।
3ਉਹ ਉਸ ਨੂੰ ਚਾਲ੍ਹੀ ਕੋਰੜੇ ਲਗਵਾ ਸਕਦਾ ਹੈ, ਪਰ ਇਸ ਤੋਂ ਵੱਧ ਨਾ ਮਾਰੇ, ਅਜਿਹਾ ਨਾ ਹੋਵੇ ਕਿ ਇਸ ਤੋਂ ਵੱਧ ਕੋਰੜੇ ਮਾਰਨ ਦੇ ਕਾਰਨ ਤੇਰਾ ਭਰਾ ਤੇਰੀ ਨਿਗਾਹ ਵਿੱਚ ਤੁੱਛ ਠਹਿਰੇ।
4“ਤੂੰ ਗਾਹੁੰਦੇ ਬਲ਼ਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈਂ।”
5ਜੇਕਰ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਮਰ ਜਾਵੇ ਅਤੇ ਉਸ ਦਾ ਕੋਈ ਪੁੱਤਰ ਨਾ ਹੋਵੇ ਤਾਂ ਮਰਨ ਵਾਲੇ ਦੀ ਇਸਤਰੀ ਦਾ ਵਿਆਹ ਕਿਸੇ ਪਰਾਏ ਮਨੁੱਖ ਨਾਲ ਨਾ ਕੀਤਾ ਜਾਵੇ। ਉਸ ਮਨੁੱਖ ਦਾ ਭਰਾ ਉਸ ਦੇ ਕੋਲ ਜਾ ਕੇ ਉਸ ਨੂੰ ਆਪਣੀ ਪਤਨੀ ਕਰ ਲਵੇ ਅਤੇ ਪਤੀ ਦੇ ਭਰਾ ਦਾ ਹੱਕ ਉਸ ਦੇ ਨਾਲ ਪੂਰਾ ਕਰੇ।
6ਤਦ ਅਜਿਹਾ ਹੋਵੇਗਾ ਕਿ ਜਿਹੜਾ ਪਹਿਲੌਠਾ ਉਸ ਇਸਤਰੀ ਤੋਂ ਪੈਦਾ ਹੋਵੇ ਉਹ ਉਸ ਮਰੇ ਹੋਏ ਭਰਾ ਦੇ ਨਾਮ ਉੱਤੇ ਠਹਿਰਾਇਆ ਜਾਵੇ, ਤਾਂ ਜੋ ਉਸ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ।
7ਪਰ ਜੇਕਰ ਉਹ ਮਨੁੱਖ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਨਾ ਚਾਹੇ, ਤਾਂ ਉਹ ਇਸਤਰੀ ਫਾਟਕ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, “ਮੇਰੇ ਪਤੀ ਦਾ ਭਰਾ ਆਪਣੇ ਭਰਾ ਦਾ ਨਾਮ ਇਸਰਾਏਲ ਵਿੱਚ ਕਾਇਮ ਰੱਖਣ ਤੋਂ ਮੁੱਕਰਦਾ ਹੈ। ਉਹ ਮੇਰੇ ਪਤੀ ਦਾ ਹੱਕ ਮੇਰੇ ਨਾਲ ਪੂਰਾ ਨਹੀਂ ਕਰਦਾ।”
8ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਸੱਦ ਕੇ ਉਹ ਦੇ ਨਾਲ ਗੱਲ ਕਰਨ ਅਤੇ ਜੇਕਰ ਉਹ ਖੜ੍ਹਾ ਹੋ ਕੇ ਆਖੇ, “ਮੈਂ ਇਸ ਨਾਲ ਵਿਆਹ ਕਰਨਾ ਨਹੀਂ ਚਾਹੁੰਦਾ।”
9ਤਦ ਉਹ ਦੇ ਭਰਾ ਦੀ ਪਤਨੀ ਬਜ਼ੁਰਗਾਂ ਦੇ ਵੇਖਦਿਆਂ ਉਸ ਦੇ ਨੇੜੇ ਜਾਵੇ ਅਤੇ ਉਸ ਦੇ ਪੈਰਾਂ ਤੋਂ ਜੁੱਤੀ ਲਾਹ ਲਵੇ ਅਤੇ ਉਹ ਦੇ ਮੂੰਹ ਉੱਤੇ ਥੁੱਕੇ, ਅਤੇ ਉੱਤਰ ਦੇ ਕੇ ਆਖੇ, “ਜਿਹੜਾ ਮਨੁੱਖ ਆਪਣੇ ਭਰਾ ਦਾ ਘਰਾਣਾ ਨਾ ਬਣਾਵੇ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ।”
10ਫੇਰ ਉਸ ਦਾ ਨਾਮ ਇਸਰਾਏਲ ਵਿੱਚ ਇਸ ਤਰ੍ਹਾਂ ਸੱਦਿਆ ਜਾਵੇ ਅਰਥਾਤ “ਜੁੱਤੀ ਲੱਥੇ ਦਾ ਘਰਾਣਾ।”
11“ਜੇਕਰ ਦੋ ਮਨੁੱਖ ਆਪੋ ਵਿੱਚ ਲੜ ਪੈਣ ਅਤੇ ਇੱਕ ਦੀ ਪਤਨੀ ਨੇੜੇ ਆਵੇ ਤਾਂ ਜੋ ਆਪਣੇ ਪਤੀ ਨੂੰ ਮਾਰਨ ਵਾਲੇ ਦੇ ਹੱਥੋਂ ਛੁਡਾਵੇ ਅਤੇ ਆਪਣਾ ਹੱਥ ਵਧਾ ਕੇ ਉਸ ਦੇ ਗੁਪਤ ਅੰਗ ਨੂੰ ਫੜ੍ਹ ਲਵੇ,
12ਤਾਂ ਤੂੰ ਉਸ ਇਸਤਰੀ ਦਾ ਹੱਥ ਵੱਢ ਸੁੱਟੀਂ। ਤੇਰੀ ਅੱਖਾਂ ਵਿੱਚ ਉਸ ਲਈ ਤਰਸ ਨਾ ਹੋਵੇ।
13“ਤੇਰੇ ਥੈਲੇ ਵਿੱਚ ਦੋ ਪ੍ਰਕਾਰ ਦੇ ਵੱਟੇ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ।
14ਤੇਰੇ ਘਰ ਵਿੱਚ ਦੋ ਪ੍ਰਕਾਰ ਦੇ ਨਾਪ ਨਾ ਹੋਣ, ਇੱਕ ਵੱਡਾ ਤੇ ਇੱਕ ਛੋਟਾ।
15ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਮੀ ਹੋਵੇ।
16ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਅਰਥਾਤ ਜਿਹੜੇ ਬੁਰਿਆਈ ਕਰਦੇ ਹਨ, ਉਹ ਸਾਰੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਘਿਣਾਉਣੇ ਲੱਗਦੇ ਹਨ।
17“ਯਾਦ ਰੱਖੋ ਕਿ ਅਮਾਲੇਕੀਆਂ ਨੇ ਤੁਹਾਡੇ ਨਾਲ ਰਾਹ ਵਿੱਚ ਕੀ ਕੀਤਾ ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਆਏ ਸੀ,
18ਕਿਵੇਂ ਉਹ ਤੁਹਾਨੂੰ ਰਾਹ ਵਿੱਚ ਮਿਲੇ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਿਆ ਜਿਹੜੇ ਨਿਰਬਲ ਹੋਣ ਕਰਕੇ ਤੁਹਾਡੇ ਤੋਂ ਪਿੱਛੇ ਸਨ, ਜਦ ਤੁਸੀਂ ਥੱਕੇ-ਮਾਂਦੇ ਸੀ, ਉਹ ਪਰਮੇਸ਼ੁਰ ਤੋਂ ਨਾ ਡਰੇ।

19ਇਸ ਲਈ ਹੁਣ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਹੜਾ ਉਹ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤੁਹਾਡੇ ਆਲੇ-ਦੁਆਲੇ ਦੇ ਸਾਰੇ ਵੈਰੀਆਂ ਤੋਂ ਤੁਹਾਨੂੰ ਅਰਾਮ ਦੇਵੇ, ਤਦ ਤੁਸੀਂ ਅਮਾਲੇਕੀਆਂ ਦਾ ਨਾਮ-ਨਿਸ਼ਾਨ ਅਕਾਸ਼ ਦੇ ਹੇਠੋਂ ਮਿਟਾ ਦੇਣਾ। ਤੁਸੀਂ ਇਹ ਗੱਲ ਭੁੱਲ ਨਾ ਜਾਣਾ।”