1ਮੂਸਾ ਨੇ ਸਾਰੇ ਇਸਰਾਏਲ, ਨੂੰ ਬੁਲਾ ਕੇ ਆਖਿਆ, “ਹੇ ਇਸਰਾਏਲ, ਇਹਨਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ, ਜਿਹੜੇ ਮੈਂ ਅੱਜ, ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਇਹਨਾਂ ਨੂੰ ਸਿੱਖੋ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਮੰਨੋ।
2ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ,
3ਯਹੋਵਾਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਇੱਥੇ ਜੀਉਂਦੇ ਹਾਂ।
4ਯਹੋਵਾਹ ਅੱਗ ਦੇ ਵਿੱਚੋਂ ਦੀ ਪਰਬਤ ਉੱਤੋਂ ਤੁਹਾਡੇ ਨਾਲ ਆਹਮੋ-ਸਾਹਮਣੇ ਹੋ ਕੇ ਬੋਲਿਆ,
5(ਉਸ ਸਮੇਂ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ, ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਰਬਤ ਉੱਤੇ ਨਾ ਚੜ੍ਹੇ)।
6ਉਸ ਨੇ ਆਖਿਆ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ, ਅਰਥਾਤ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।
7ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।
8ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ, ਹੇਠਾਂ ਧਰਤੀ ਉੱਤੇ, ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ।
9ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪੁਰਖਿਆਂ, ਦੀ ਬੁਰਿਆਈ ਨੂੰ ਬੱਚਿਆਂ ਉੱਤੇ, ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ,
10ਪਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੇ ਹਜ਼ਾਰਾਂ ਉੱਤੇ ਦਯਾ ਕਰਦਾ ਹਾਂ।
11ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ।
12ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
13ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ,
14ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਉਸ ਦਿਨ ਵਿੱਚ ਤੂੰ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲ਼ਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ।
15ਯਾਦ ਰੱਖ ਕਿ ਤੂੰ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੈਨੂੰ ਕੱਢ ਲਿਆ, ਇਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ।
16ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ, ਤਾਂ ਜੋ ਤੇਰੀ ਉਮਰ ਲੰਮੀ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ, ਤੇਰਾ ਭਲਾ ਹੋਵੇ।
17ਤੂੰ ਖ਼ੂਨ ਨਾ ਕਰ।
18ਤੂੰ ਵਿਭਚਾਰ ਨਾ ਕਰ।
19ਤੂੰ ਚੋਰੀ ਨਾ ਕਰ।
20ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।
21ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।
22ਇਹੋ ਸਾਰੇ ਬਚਨ ਯਹੋਵਾਹ ਨੇ ਉਸ ਪਰਬਤ ਉੱਤੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਦੀ ਹੋ ਕੇ ਤੁਹਾਡੀ ਸਾਰੀ ਸਭਾ ਨੂੰ ਵੱਡੀ ਅਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।
23ਤਦ ਅਜਿਹਾ ਹੋਇਆ ਕਿ ਜਦ ਤੁਸੀਂ ਉਸ ਅਵਾਜ਼ ਨੂੰ ਉਸ ਹਨੇਰੇ ਵਿੱਚੋਂ ਸੁਣਿਆ, ਜਦ ਪਰਬਤ ਅੱਗ ਨਾਲ ਬਲ ਰਿਹਾ ਸੀ, ਤਾਂ ਤੁਸੀਂ ਅਤੇ ਤੁਹਾਡੇ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ
24ਅਤੇ ਤੁਸੀਂ ਆਖਿਆ, ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਹੈ ਅਤੇ ਅਸੀਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ ਹੈ। ਅੱਜ ਦੇ ਦਿਨ ਅਸੀਂ ਵੇਖਿਆ ਹੈ ਕਿ ਪਰਮੇਸ਼ੁਰ ਮਨੁੱਖ ਨਾਲ ਗੱਲਾਂ ਕਰਦਾ ਹੈ ਅਤੇ ਮਨੁੱਖ ਜੀਉਂਦਾ ਰਹਿੰਦਾ ਹੈ।
25ਇਸ ਲਈ ਹੁਣ ਅਸੀਂ ਕਿਉਂ ਮਰੀਏ? ਕਿਉਂ ਜੋ ਇਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ, ਜੇਕਰ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਂਵਾਂਗੇ।
26ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ?
27ਤੂੰ ਨਜ਼ਦੀਕ ਜਾ ਅਤੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਅਤੇ ਫਿਰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੈਨੂੰ ਆਖੇ ਉਹ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।
28ਜਦ ਤੁਸੀਂ ਮੈਨੂੰ ਇਹ ਗੱਲਾਂ ਆਖਦੇ ਸੀ ਤਾਂ ਯਹੋਵਾਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਦ ਯਹੋਵਾਹ ਨੇ ਮੈਨੂੰ ਆਖਿਆ, ਮੈਂ ਇਸ ਪਰਜਾ ਦੀਆਂ ਗੱਲਾਂ ਸੁਣੀਆਂ ਹਨ, ਜਿਹੜੀਆਂ ਉਹ ਤੈਨੂੰ ਆਖਦੇ ਹਨ। ਜੋ ਕੁਝ ਉਨ੍ਹਾਂ ਨੇ ਬੋਲਿਆ ਹੈ, ਉਹ ਠੀਕ ਹੈ।
29ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜਿਹਾ ਹੀ ਮਨ ਹਮੇਸ਼ਾ ਹੁੰਦਾ ਕਿ ਉਹ ਮੈਥੋਂ ਡਰਦੇ ਅਤੇ ਸਦਾ ਮੇਰੇ ਹੁਕਮਾਂ ਨੂੰ ਮੰਨਦੇ, ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੱਕ ਭਲਾ ਹੁੰਦਾ!
30ਤੂੰ ਜਾ ਕੇ ਉਨ੍ਹਾਂ ਨੂੰ ਆਖ, “ਆਪਣੇ-ਆਪਣੇ ਤੰਬੂਆਂ ਨੂੰ ਮੁੜ ਜਾਓ।”
31ਪਰ ਤੂੰ ਇੱਥੇ ਮੇਰੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਤੈਨੂੰ ਉਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂੰਨ ਦੱਸਾਂਗਾ, ਜਿਹੜੇ ਤੂੰ ਉਨ੍ਹਾਂ ਨੂੰ ਸਿਖਾਉਣੇ ਹਨ, ਤਾਂ ਜੋ ਉਹ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜਿਹੜਾ ਮੈਂ ਉਨ੍ਹਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।
32ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ।
33ਜਿਸ ਰਾਹ ਉੱਤੇ ਚੱਲਣ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਸ ਸਾਰੇ ਰਾਹ ਚੱਲਦੇ ਰਹੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਤੁਸੀਂ ਬਹੁਤ ਦਿਨਾਂ ਤੱਕ ਜੀਉਂਦੇ ਰਹੋ।