Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਬਿਵਸਥਾ

ਬਿਵਸਥਾ 17

Help us?
Click on verse(s) to share them!
1ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲ਼ਦ ਜਾਂ ਲੇਲਾ ਬਲੀ ਨਾ ਚੜ੍ਹਾਇਓ ਜਿਸ ਦੇ ਵਿੱਚ ਕੋਈ ਕੱਜ ਜਾਂ ਕੋਈ ਦੋਸ਼ ਹੋਵੇ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ।
2ਜੇਕਰ ਤੁਹਾਡੇ ਫਾਟਕਾਂ ਦੇ ਅੰਦਰ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਕੋਈ ਅਜਿਹਾ ਪੁਰਖ ਜਾਂ ਇਸਤਰੀ ਪਾਈ ਜਾਵੇ, ਜਿਸ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰਕੇ ਕੋਈ ਅਜਿਹਾ ਕੰਮ ਕੀਤਾ ਹੋਵੇ ਜੋ ਉਸ ਦੀ ਨਜ਼ਰ ਵਿੱਚ ਬੁਰਾ ਹੈ
3ਅਤੇ ਜਾ ਕੇ ਦੂਜੇ ਦੇਵਤਿਆਂ ਦੀ ਜਾਂ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾਂ ਦੀ ਪੂਜਾ ਕੀਤੀ ਹੋਵੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਹੋਵੇ, ਜਿਸ ਦਾ ਮੈਂ ਹੁਕਮ ਨਹੀਂ ਦਿੱਤਾ ਸੀ
4ਅਤੇ ਇਹ ਗੱਲ ਤੁਹਾਨੂੰ ਦੱਸੀ ਜਾਵੇ ਅਤੇ ਤੁਹਾਡੇ ਸੁਣਨ ਵਿੱਚ ਆਵੇ ਤਦ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਪੁੱਛ-ਗਿੱਛ ਕਰਿਓ, ਅਤੇ ਵੇਖੋ, ਜੇਕਰ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜਿਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ,
5ਤਾਂ ਤੁਸੀਂ ਉਸ ਪੁਰਖ ਜਾਂ ਇਸਤਰੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਅਜਿਹਾ ਪਥਰਾਓ ਕਰਿਓ ਕਿ ਉਹ ਮਰ ਜਾਵੇ।
6ਜੋ ਮੌਤ ਦੀ ਸਜ਼ਾ ਦੇ ਯੋਗ ਹੋਵੇ, ਉਹ ਇੱਕ ਹੀ ਗਵਾਹ ਦੀ ਗਵਾਹੀ ਤੇ ਨਾ ਮਾਰਿਆ ਜਾਵੇ, ਸਗੋਂ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਤੇ ਹੀ ਮਾਰਿਆ ਜਾਵੇ।
7ਉਸ ਨੂੰ ਮਾਰਨ ਲਈ ਗਵਾਹਾਂ ਦਾ ਹੱਥ ਪਹਿਲ ਕਰੇ ਅਤੇ ਉਨ੍ਹਾਂ ਦੇ ਬਾਅਦ ਸਾਰੇ ਲੋਕਾਂ ਦੇ ਹੱਥ ਉੱਠਣ। ਇਸ ਤਰ੍ਹਾਂ ਤੁਸੀਂ ਆਪਣੇ ਵਿੱਚੋਂ ਇਸ ਬੁਰਿਆਈ ਨੂੰ ਮਿਟਾ ਦਿਓ।
8ਜੇਕਰ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀ ਕੋਈ ਅਜਿਹੀ ਗੱਲ ਉੱਠੇ, ਜਿਸ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਕਠਿਨ ਹੋਵੇ, ਅਰਥਾਤ ਆਪਸ ਵਿੱਚ ਦਾ ਖੂਨ, ਆਪਸ ਵਿੱਚ ਦਾ ਦਾਵਾ, ਜਾਂ ਆਪਸ ਵਿੱਚ ਦੀ ਮਾਰ-ਕੁਟਾਈ, ਤਾਂ ਤੁਸੀਂ ਉੱਠ ਕੇ ਉਸ ਸਥਾਨ ਨੂੰ ਜਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ,
9ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਂਈਆਂ ਦੇ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ।
10ਫੇਰ ਤੁਸੀਂ ਉਸ ਫੈਸਲੇ ਦੇ ਅਨੁਸਾਰ ਕਰਿਓ ਜਿਹੜਾ ਉਹ ਤੁਹਾਨੂੰ ਉਸ ਸਥਾਨ ਤੋਂ ਦੱਸਣਗੇ, ਜਿਹੜਾ ਯਹੋਵਾਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ।
11ਬਿਵਸਥਾ ਦੀਆਂ ਜੋ ਗੱਲਾਂ ਉਹ ਤੁਹਾਨੂੰ ਦੱਸਣ, ਅਤੇ ਨਿਆਂ ਦੀਆਂ ਜੋ ਗੱਲਾਂ ਉਹ ਤੁਹਾਨੂੰ ਆਖਣ, ਤੁਸੀਂ ਉਸੇ ਦੇ ਅਨੁਸਾਰ ਕਰਿਓ। ਉਸ ਫੈਸਲੇ ਤੋਂ ਜਿਹੜਾ ਉਹ ਤੁਹਾਨੂੰ ਦੱਸਣ ਨਾ ਸੱਜੇ ਮੁੜਿਓ ਅਤੇ ਨਾ ਖੱਬੇ।
12ਜਿਹੜਾ ਮਨੁੱਖ ਗੁਸਤਾਖ਼ੀ ਕਰਕੇ ਉਸ ਜਾਜਕ ਦੀ, ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਜਾਂ ਨਿਆਈਂ ਦੀ ਨਾ ਸੁਣੇ, ਉਹ ਮਨੁੱਖ ਮਾਰ ਦਿੱਤਾ ਜਾਵੇ, ਇਸ ਤਰ੍ਹਾਂ ਤੁਸੀਂ ਇਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਪੂਰੀ ਤਰ੍ਹਾਂ ਹੀ ਮਿਟਾ ਦਿਓ।
13ਇਸ ਤਰ੍ਹਾਂ ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਅਤੇ ਫੇਰ ਗੁਸਤਾਖ਼ੀ ਨਹੀਂ ਕਰੇਗੀ।
14ਜਦ ਤੁਸੀਂ ਉਸ ਦੇਸ਼ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਅਧਿਕਾਰ ਕਰਕੇ ਉਸ ਵਿੱਚ ਵੱਸ ਜਾਓ ਅਤੇ ਆਖਣ ਲੱਗੋ, ਅਸੀਂ ਵੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ,
15ਤਾਂ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ। ਤੁਸੀਂ ਆਪਣੇ ਭਰਾਵਾਂ ਵਿੱਚੋਂ ਹੀ ਕਿਸੇ ਨੂੰ ਆਪਣਾ ਰਾਜਾ ਨਿਯੁਕਤ ਕਰਿਓ, ਤੁਸੀਂ ਕਿਸੇ ਪਰਦੇਸੀ ਨੂੰ ਜੋ ਤੁਹਾਡਾ ਭਰਾ ਨਹੀਂ ਹੈ, ਆਪਣਾ ਰਾਜਾ ਨਿਯੁਕਤ ਨਹੀਂ ਕਰ ਸਕਦੇ।
16ਪਰ ਉਹ ਆਪਣੇ ਲਈ ਬਹੁਤ ਘੋੜੇ ਨਾ ਵਧਾਵੇ, ਨਾ ਹੀ ਉਹ ਘੋੜੇ ਵਧਾਉਣ ਲਈ ਪਰਜਾ ਨੂੰ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਕਦੀ ਨਾ ਮੁੜਿਓ।
17ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ-ਸੋਨਾ ਬਹੁਤ ਵਧਾਵੇ।
18ਅਜਿਹਾ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ।

19ਉਹ ਉਸ ਦੇ ਕੋਲ ਰਹੇ ਅਤੇ ਆਪਣੇ ਪੂਰੇ ਜੀਵਨ ਵਿੱਚ ਉਸ ਨੂੰ ਪੜ੍ਹੇ, ਜਿਸ ਨਾਲ ਉਹ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ,
20ਤਾਂ ਜੋ ਉਹ ਮਨ ਵਿੱਚ ਘਮੰਡ ਕਰਕੇ ਆਪਣੇ ਭਰਾਵਾਂ ਨੂੰ ਆਪਣੇ ਤੋਂ ਨੀਵਾਂ ਨਾ ਸਮਝੇ, ਅਤੇ ਉਹ ਇਸ ਹੁਕਮਨਾਮੇ ਤੋਂ ਨਾ ਤਾਂ ਸੱਜੇ ਮੁੜੇ ਅਤੇ ਨਾ ਹੀ ਖੱਬੇ, ਇਸ ਲਈ ਉਹ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਵਿਚਕਾਰ ਬਹੁਤ ਦਿਨਾਂ ਤੱਕ ਰਾਜ ਕਰਨ।