1ਫੇਰ ਅਸੀਂ ਮੁੜ ਕੇ ਬਾਸ਼ਾਨ ਦੇ ਰਾਹ ਤੋਂ ਉੱਪਰ ਚੱਲੇ ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਦੇ ਨਾਲ ਸਾਡਾ ਸਾਹਮਣਾ ਕਰਨ ਨੂੰ ਨਿੱਕਲਿਆ ਤਾਂ ਜੋ ਅਦਰਈ ਵਿੱਚ ਸਾਡੇ ਨਾਲ ਯੁੱਧ ਕਰੇ।
2ਯਹੋਵਾਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ, ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰੀਂ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ, ਜੋ ਹਸ਼ਬੋਨ ਵਿੱਚ ਵੱਸਦਾ ਸੀ।”
3ਇਸ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ।
4ਉਸੇ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਅਜਿਹਾ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸੀਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ।
5ਇਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਉਹਨਾਂ ਦੀਆਂ ਸ਼ਹਿਰਪਨਾਹਾਂ ਉੱਚੀਆਂ ਅਤੇ ਉਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਇਹਨਾਂ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਸਨ, ਜਿਨ੍ਹਾਂ ਦੀ ਸ਼ਹਿਰ ਪਨਾਹ ਨਹੀਂ ਸੀ।
6ਅਸੀਂ ਉਹਨਾਂ ਦਾ ਨਾਸ ਕਰ ਦਿੱਤਾ, ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ ਸੀ। ਅਸੀਂ ਸਾਰੇ ਵੱਸੇ ਹੋਏ ਸ਼ਹਿਰਾਂ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ।
7ਪਰ ਸਾਰੇ ਪਸ਼ੂ ਅਤੇ ਸ਼ਹਿਰਾਂ ਦੀ ਲੁੱਟ ਦਾ ਮਾਲ ਅਸੀਂ ਆਪਣੇ ਲਈ ਲੁੱਟ ਲਿਆ
8ਅਤੇ ਉਸ ਸਮੇਂ ਅਸੀਂ ਯਰਦਨ ਤੋਂ ਪਾਰ ਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਉਸ ਦੇਸ਼ ਨੂੰ ਅਰਨੋਨ ਦੇ ਨਾਲੇ ਤੋਂ ਲੈ ਕੇ ਹਰਮੋਨ ਦੇ ਪਰਬਤ ਤੱਕ ਲੈ ਲਿਆ
9(ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਸ ਨੂੰ ਸਨੀਰ ਆਖਦੇ ਹਨ)
10ਉਸ ਮੈਦਾਨੀ ਇਲਾਕੇ ਦੇ ਸਾਰੇ ਸ਼ਹਿਰ, ਸਾਰਾ ਗਿਲਆਦ, ਸਾਰਾ ਬਾਸ਼ਾਨ, ਸਲਕਾਹ ਅਤੇ ਅਦਰਈ ਤੱਕ ਦੇ ਸਾਰੇ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ, ਅਸੀਂ ਲੈ ਲਏ
11ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ।
12ਜਿਹੜੇ ਦੇਸ਼ ਅਸੀਂ ਉਸ ਸਮੇਂ ਆਪਣੇ ਅਧਿਕਾਰ ਵਿੱਚ ਲੈ ਲਏ ਉਹ ਇਹ ਹਨ, ਅਰਥਾਤ ਅਰੋਏਰ ਸ਼ਹਿਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਸ਼ਹਿਰਾਂ ਦੇ ਨਾਲ ਗਿਲਆਦ ਦੇ ਪਹਾੜੀ ਦੇਸ਼ ਦਾ ਅੱਧਾ ਹਿੱਸਾ, ਜਿਹੜਾ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ
13ਅਤੇ ਗਿਲਆਦ ਦਾ ਬਚਿਆ ਹੋਇਆ ਹਿੱਸਾ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ, ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਮੇਤ ਅਰਗੋਬ ਦਾ ਸਾਰਾ ਇਲਾਕਾ। (ਬਾਸ਼ਾਨ ਤਾਂ ਰਫ਼ਾਈਆਂ ਦਾ ਦੇਸ਼ ਅਖਵਾਉਂਦਾ ਹੈ)
14ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਸ਼ੂਰੀਆਂ ਅਤੇ ਮਆਕਾਥੀਆਂ ਦੀਆਂ ਹੱਦਾਂ ਤੱਕ ਲੈ ਲਿਆ ਅਤੇ ਉਨ੍ਹਾਂ ਦਾ ਨਾਮ ਅਰਥਾਤ ਬਾਸ਼ਾਨ ਦੇ ਨਗਰਾਂ ਦਾ ਨਾਮ ਆਪਣੇ ਨਾਮ ਉੱਤੇ ਹੱਵੋਥ-ਯਾਈਰ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ।
15ਗਿਲਆਦ ਮੈਂ ਮਾਕੀਰ ਨੂੰ ਦੇ ਦਿੱਤਾ
16ਅਤੇ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਲੈ ਕੇ ਅਰਨੋਨ ਦੇ ਨਾਲੇ ਤੱਕ ਦਾ ਦੇਸ਼ ਦੇ ਦਿੱਤਾ, ਅਰਥਾਤ ਨਾਲੇ ਦੇ ਵਿਚਕਾਰ ਤੋਂ ਉਸ ਦੇ ਕੰਢਿਆਂ ਤੱਕ ਅਤੇ ਯਬੋਕ ਦੀ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
17ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ਼ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ।
18ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਅਤੇ ਆਖਿਆ, “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਹ ਦੇਸ਼ ਤੁਹਾਡੀ ਵਿਰਾਸਤ ਕਰਕੇ ਦੇ ਦਿੱਤਾ ਹੈ। ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ-ਅੱਗੇ ਪਾਰ ਲੰਘੋ
19ਪਰ ਤੁਹਾਡੀਆਂ ਇਸਤਰੀਆਂ, ਬੱਚੇ ਅਤੇ ਤੁਹਾਡੇ ਵੱਗ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਗ ਵੱਡੇ-ਵੱਡੇ ਹਨ, ਉਹ ਸਾਰੇ ਤੁਹਾਡੇ ਸ਼ਹਿਰਾਂ ਵਿੱਚ ਰਹਿ ਜਾਣ, ਜਿਹੜੇ ਮੈਂ ਤੁਹਾਨੂੰ ਦਿੱਤੇ ਹਨ।
20ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ, ਫੇਰ ਤੁਸੀਂ ਵੀ ਆਪਣੇ-ਆਪਣੇ ਅਧਿਕਾਰ ਦੀ ਭੂਮੀ ਨੂੰ ਮੁੜ ਜਾਇਓ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”
21ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਅਤੇ ਆਖਿਆ, “ਤੇਰੀਆਂ ਅੱਖਾਂ ਨੇ ਉਹ ਸਭ ਕੁਝ ਵੇਖਿਆ ਹੈ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ, ਅਜਿਹਾ ਹੀ ਯਹੋਵਾਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ।
22ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ।”
23ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਕਰ ਕੇ ਬੇਨਤੀ ਕੀਤੀ,
24“ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?
25ਕਿਰਪਾ ਕਰਕੇ ਮੈਨੂੰ ਪਾਰ ਲੰਘਣ ਦੇ ਤਾਂ ਜੋ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ਼ ਨੂੰ ਅਤੇ ਲਬਾਨੋਨ ਨੂੰ ਵੇਖ ਸਕਾਂ।”
26ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, “ਬਸ ਕਰ! ਫੇਰ ਕਦੀ ਮੇਰੇ ਨਾਲ ਇਹ ਗੱਲ ਨਾ ਛੇੜੀਂ!
27ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਚੁੱਕ ਅਤੇ ਆਪਣੀਆਂ ਅੱਖਾਂ ਨਾਲ ਉਹ ਦੇਸ਼ ਵੇਖ ਲੈ ਕਿਉਂ ਜੋ ਤੂੰ ਇਸ ਯਰਦਨ ਦੇ ਪਾਰ ਨਾ ਲੰਘੇਂਗਾ।
28ਪਰ ਯਹੋਸ਼ੁਆ ਨੂੰ ਹੁਕਮ ਦੇ, ਉਸ ਦਾ ਹੌਂਸਲਾ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂ ਜੋ ਉਹ ਇਸ ਪਰਜਾ ਦੇ ਅੱਗੇ-ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਦੇਸ਼ ਜਿਹੜਾ ਤੂੰ ਵੇਖੇਂਗਾ, ਉਨ੍ਹਾਂ ਦੀ ਵਿਰਾਸਤ ਹੋਣ ਲਈ ਦੁਆਵੇਗਾ।”
29ਤਦ ਅਸੀਂ ਬੈਤ ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਠਹਿਰ ਗਏ।