1ਤੂੰ ਆਪਣੇ ਭਰਾ ਦੇ ਗਾਂ-ਬਲ਼ਦ ਜਾਂ ਭੇਡ ਬੱਕਰੀ ਨੂੰ ਗੁਆਚਿਆ ਹੋਇਆ ਵੇਖ ਕੇ ਉਸ ਨੂੰ ਅਣਦੇਖਿਆ ਨਾ ਕਰੀਂ, ਤੂੰ ਜ਼ਰੂਰ ਹੀ ਉਨ੍ਹਾਂ ਨੂੰ ਆਪਣੇ ਭਰਾ ਕੋਲ ਮੋੜ ਲੈ ਆਵੀਂ।
2ਪਰ ਜੇਕਰ ਤੇਰਾ ਭਰਾ ਤੇਰੇ ਨੇੜੇ ਨਾ ਰਹਿੰਦਾ ਹੋਏ ਜਾਂ ਤੂੰ ਉਸ ਨੂੰ ਜਾਣਦਾ ਨਾ ਹੋਵੇਂ, ਤਾਂ ਤੂੰ ਉਸ ਪਸ਼ੂ ਨੂੰ ਆਪਣੇ ਘਰ ਲੈ ਜਾਵੀਂ, ਅਤੇ ਜਦ ਤੱਕ ਤੇਰਾ ਭਰਾ ਉਸ ਨੂੰ ਨਾ ਲੱਭੇ, ਉਹ ਤੇਰੇ ਕੋਲ ਰਹੇ, ਫੇਰ ਤੂੰ ਉਸ ਨੂੰ ਮੋੜ ਦੇਵੀਂ।
3ਤੂੰ ਉਸ ਦੇ ਗਧੇ ਨਾਲ, ਬਸਤਰਾਂ ਨਾਲ ਸਗੋਂ ਆਪਣੇ ਭਰਾ ਦੀ ਹਰੇਕ ਗੁਆਚੀ ਹੋਈ ਚੀਜ਼ ਨਾਲ ਇਸੇ ਤਰ੍ਹਾਂ ਹੀ ਕਰੀਂ, ਜਿਹੜੀ ਉਸ ਤੋਂ ਗੁਆਚੀ ਹੋਵੇ ਅਤੇ ਤੈਨੂੰ ਲੱਭੀ ਹੋਵੇ। ਤੂੰ ਉਸ ਨੂੰ ਅਣਦੇਖਿਆ ਨਾ ਕਰੀਂ।
4ਤੂੰ ਆਪਣੇ ਭਰਾ ਦੇ ਗਧੇ ਜਾਂ ਬਲ਼ਦ ਨੂੰ ਰਾਹ ਵਿੱਚ ਡਿੱਗਿਆ ਹੋਇਆ ਦੇਖ ਕੇ ਅਣਦੇਖਿਆ ਨਾ ਕਰੀਂ। ਤੂੰ ਜ਼ਰੂਰ ਹੀ ਉਸ ਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀਂ।
5ਕੋਈ ਇਸਤਰੀ ਪੁਰਖਾਂ ਵਾਲੇ ਬਸਤਰ ਨਾ ਪਾਵੇ ਅਤੇ ਨਾ ਕੋਈ ਪੁਰਖ ਇਸਤਰੀਆਂ ਵਾਲੇ ਬਸਤਰ ਪਾਵੇ, ਕਿਉਂ ਜੋ ਹਰ ਇੱਕ ਜਿਹੜਾ ਅਜਿਹਾ ਕੰਮ ਕਰਦਾ ਹੈ, ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।
6ਜੇਕਰ ਰਾਹ ਵਿੱਚ ਤੁਹਾਨੂੰ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ, ਭਾਵੇਂ ਉਸ ਵਿੱਚ ਬੱਚੇ ਹੋਣ, ਭਾਵੇਂ ਆਂਡੇ ਅਤੇ ਮਾਂ ਬੱਚਿਆਂ ਜਾਂ ਆਂਡਿਆਂ ਦੇ ਉੱਤੇ ਬੈਠੀ ਹੋਵੇ ਤਾਂ ਤੂੰ ਮਾਂ ਨੂੰ ਬੱਚਿਆਂ ਦੇ ਨਾਲ ਨਾ ਫੜ੍ਹੀਂ
7ਤੂੰ ਬੱਚਿਆਂ ਨੂੰ ਆਪਣੇ ਲਈ ਲੈ ਲੈ, ਪਰ ਮਾਂ ਨੂੰ ਜ਼ਰੂਰ ਹੀ ਛੱਡ ਦੇਵੀਂ, ਤਾਂ ਜੋ ਤੇਰਾ ਭਲਾ ਹੋਵੇ ਅਤੇ ਤੇਰੇ ਜੀਵਨ ਦੇ ਦਿਨ ਲੰਮੇ ਹੋਣ।
8ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਕਿ ਜੇਕਰ ਕੋਈ ਉੱਥੋਂ ਡਿੱਗ ਪਵੇ ਤਾਂ ਤੂੰ ਉਸ ਦੇ ਖੂਨ ਦਾ ਦੋਸ਼ ਆਪਣੇ ਘਰ ਉੱਤੇ ਨਾ ਲਿਆਵੇਂ।
9ਤੂੰ ਆਪਣੇ ਅੰਗੂਰੀ ਬਾਗ਼ ਵਿੱਚ ਦੋ ਪ੍ਰਕਾਰ ਦੇ ਬੀਜ ਨਾ ਬੀਜੀਂ, ਅਜਿਹਾ ਨਾ ਹੋਵੇ ਕਿ ਸਾਰੀ ਪੈਦਾਵਾਰ ਅਰਥਾਤ ਤੇਰਾ ਬੀਜਿਆ ਹੋਇਆ ਬੀਜ ਅਤੇ ਬਾਗ਼ ਦੀ ਉਪਜ ਦੋਵੇਂ ਭਰਿਸ਼ਟ ਹੋ ਜਾਣ।
10ਤੂੰ ਬਲ਼ਦ ਅਤੇ ਗਧੇ ਨਾਲ ਇਕੱਠਾ ਨਾ ਵਾਹੀਂ।
11ਤੂੰ ਕਤਾਨ ਅਤੇ ਉੱਨ ਦਾ ਮਿਲਿਆ ਹੋਇਆ ਕੱਪੜਾ ਨਾ ਪਾਵੀਂ।
12ਤੂੰ ਆਪਣੇ ਉਸ ਕੱਪੜੇ ਦੇ ਚਾਰੇ ਪਾਸੇ ਝਾਲਰ ਲਗਾਈਂ, ਜਿਸ ਨਾਲ ਤੂੰ ਆਪ ਨੂੰ ਢੱਕਦਾ ਹੈਂ।
13ਜੇ ਕੋਈ ਮਨੁੱਖ ਕਿਸੇ ਇਸਤਰੀ ਨਾਲ ਵਿਆਹ ਕਰੇ ਅਤੇ ਉਸ ਦੇ ਕੋਲ ਜਾਵੇ ਅਤੇ ਫੇਰ ਉਸ ਤੋਂ ਨਫ਼ਰਤ ਕਰਨ ਲੱਗੇ,
14ਅਤੇ ਉਹ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਾਵੇ ਅਤੇ ਇਹ ਆਖ ਕੇ ਉਸ ਨੂੰ ਬਦਨਾਮ ਕਰੇ, “ਮੈਂ ਇਸ ਇਸਤਰੀ ਨਾਲ ਵਿਆਹ ਕੀਤਾ ਪਰ ਜਦ ਮੈਂ ਉਸ ਦੇ ਕੋਲ ਗਿਆ ਤਾਂ ਮੈਂ ਉਸ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ,”
15ਤਾਂ ਉਸ ਕੁੜੀ ਦੇ ਮਾਤਾ-ਪਿਤਾ ਉਸ ਦੇ ਕੁਆਰਪੁਣੇ ਦੇ ਨਿਸ਼ਾਨ ਲੈ ਕੇ, ਉਸ ਸ਼ਹਿਰ ਦੇ ਬਜ਼ੁਰਗਾਂ ਕੋਲ ਫਾਟਕ ਉੱਤੇ ਜਾਣ,
16ਅਤੇ ਉਸ ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਆਖੇ, “ਮੈਂ ਆਪਣੀ ਧੀ ਦਾ ਵਿਆਹ ਇਸ ਮਨੁੱਖ ਨਾਲ ਕਰ ਦਿੱਤਾ ਪਰ ਉਹ ਉਸ ਤੋਂ ਨਫ਼ਰਤ ਕਰਦਾ ਹੈ,
17ਅਤੇ ਵੇਖੋ, ਉਹ ਇਹ ਆਖ ਕੇ ਉਸ ਉੱਤੇ ਬੇਸ਼ਰਮੀ ਦੇ ਦੋਸ਼ ਲਗਾਉਂਦਾ ਹੈ ਕਿ ਮੈਂ ਤੇਰੀ ਧੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਹੀਂ ਪਾਏ, ਪਰ ਇਹ ਮੇਰੀ ਧੀ ਦੇ ਕੁਆਰਪੁਣੇ ਦੇ ਨਿਸ਼ਾਨ ਹਨ।” ਤਦ ਉਸ ਦੇ ਮਾਤਾ-ਪਿਤਾ ਉਸ ਬਸਤਰ ਨੂੰ ਸ਼ਹਿਰ ਦੇ ਬਜ਼ੁਰਗਾਂ ਦੇ ਅੱਗੇ ਵਿਛਾ ਦੇਣ।
18ਤਦ ਉਸ ਸ਼ਹਿਰ ਦੇ ਬਜ਼ੁਰਗ ਉਸ ਮਨੁੱਖ ਨੂੰ ਫੜ੍ਹ ਕੇ ਉਸ ਨੂੰ ਝਿੜਕਣ,
19ਅਤੇ ਉਸ ਉੱਤੇ ਸੌ ਸ਼ਕੇਲ ਚਾਂਦੀ ਦਾ ਜੁਰਮਾਨਾ ਲਾਉਣ ਅਤੇ ਉਹ ਉਸ ਕੁੜੀ ਦੇ ਪਿਤਾ ਨੂੰ ਦੇ ਦੇਣ, ਕਿਉਂ ਜੋ ਉਸ ਨੇ ਇਸਰਾਏਲ ਦੀ ਇੱਕ ਕੁਆਰੀ ਦੀ ਬਦਨਾਮੀ ਕੀਤੀ ਹੈ, ਅਤੇ ਉਹ ਉਸ ਦੀ ਪਤਨੀ ਬਣੀ ਰਹੇ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
20ਪਰ ਜੇਕਰ ਇਹ ਗੱਲ ਸੱਚੀ ਹੋਵੇ ਅਤੇ ਉਸ ਕੁੜੀ ਵਿੱਚ ਕੁਆਰਪੁਣੇ ਦੇ ਨਿਸ਼ਾਨ ਨਾ ਪਾਏ ਗਏ ਹੋਣ,
21ਤਾਂ ਉਹ ਉਸ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਜਾਣ ਅਤੇ ਉਸ ਦੇ ਸ਼ਹਿਰ ਦੇ ਪੁਰਖ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ ਕਿਉਂ ਜੋ ਉਸ ਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਸ਼ਰਮਿੰਦਗੀ ਦਾ ਕੰਮ ਕੀਤਾ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
22ਜੇਕਰ ਕੋਈ ਮਨੁੱਖ ਕਿਸੇ ਵਿਆਹੀ ਹੋਈ ਇਸਤਰੀ ਨਾਲ ਸੰਗ ਕਰਦਾ ਫੜ੍ਹਿਆ ਜਾਵੇ ਤਾਂ ਉਹ ਪੁਰਖ ਜਿਹੜਾ ਉਸ ਇਸਤਰੀ ਨਾਲ ਪਿਆ ਹੋਇਆ ਸੀ ਅਤੇ ਉਹ ਇਸਤਰੀ ਦੋਵੇਂ ਮਾਰ ਸੁੱਟੇ ਜਾਣ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਇਸਰਾਏਲ ਵਿੱਚੋਂ ਕੱਢ ਸੁੱਟਿਓ।
23ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ,
24ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾ ਕੇ ਉਨ੍ਹਾਂ ਨੂੰ ਪੱਥਰਾਂ ਨਾਲ ਅਜਿਹਾ ਮਾਰਿਓ ਕਿ ਉਹ ਮਰ ਜਾਣ, ਉਸ ਕੁੜੀ ਨੂੰ ਤਾਂ ਇਸ ਕਾਰਨ ਕਿ ਸ਼ਹਿਰ ਵਿੱਚ ਹੁੰਦੇ ਹੋਏ ਵੀ ਉਸ ਨੇ ਚੀਕਾਂ ਨਹੀਂ ਮਾਰੀਆਂ ਅਤੇ ਉਸ ਪੁਰਖ ਨੂੰ ਇਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਦੀ ਬੇਪਤੀ ਕੀਤੀ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
25ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ਼ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਹ ਦੇ ਨਾਲ ਸੰਗ ਕੀਤਾ।
26ਪਰ ਉਸ ਕੁੜੀ ਨਾਲ ਕੁਝ ਨਾ ਕਰੋ। ਉਸ ਕੁੜੀ ਦਾ ਪਾਪ ਮੌਤ ਦੇ ਯੋਗ ਨਹੀਂ ਹੈ, ਕਿਉਂਕਿ ਜਿਵੇਂ ਕੋਈ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ, ਉਸੇ ਤਰ੍ਹਾਂ ਹੀ ਇਹ ਗੱਲ ਵੀ ਹੈ,
27ਕਿਉਂ ਜੋ ਉਸ ਪੁਰਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।
28ਜੇਕਰ ਕੋਈ ਪੁਰਖ ਕਿਸੇ ਕੁਆਰੀ ਨੂੰ ਪਾਵੇ, ਜਿਸ ਦੀ ਮੰਗਣੀ ਅਜੇ ਨਹੀਂ ਹੋਈ ਅਤੇ ਉਸ ਨੂੰ ਫੜ੍ਹ ਕੇ ਉਸ ਨਾਲ ਸੰਗ ਕਰੇ ਅਤੇ ਉਹ ਫੜ੍ਹੇ ਜਾਣ,
29ਤਾਂ ਉਹ ਪੁਰਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ, ਉਸ ਕੁੜੀ ਦੇ ਪਿਤਾ ਨੂੰ ਪੰਜਾਹ ਸ਼ਕੇਲ ਚਾਂਦੀ ਦੇਵੇ ਅਤੇ ਉਹ ਉਸ ਦੀ ਪਤਨੀ ਹੋਵੇਗੀ, ਕਿਉਂ ਜੋ ਉਸ ਨੇ ਉਹ ਦੀ ਬੇਪਤੀ ਕੀਤੀ। ਉਹ ਆਪਣੇ ਜੀਵਨ ਭਰ ਉਸ ਨੂੰ ਛੱਡ ਨਹੀਂ ਸਕੇਗਾ।
30ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।