Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਬਿਵਸਥਾ

ਬਿਵਸਥਾ 16

Help us?
Click on verse(s) to share them!
1ਅਬੀਬ ਦੇ ਮਹੀਨੇ ਨੂੰ ਯਾਦ ਰੱਖ ਕੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਸਾਹ ਮਨਾਇਆ ਕਰੋ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਸਰ ਤੋਂ ਰਾਤ ਦੇ ਸਮੇਂ ਕੱਢ ਲਿਆਇਆ ਸੀ।
2ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਆਪਣੇ ਚੌਣੇ ਅਤੇ ਇੱਜੜ ਵਿੱਚੋਂ ਪਸ਼ੂ ਉਸ ਸਥਾਨ ਵਿੱਚ ਪਸਾਹ ਕਰਕੇ ਚੜ੍ਹਾਇਓ, ਜਿਹੜਾ ਯਹੋਵਾਹ ਆਪਣਾ ਨਾਮ ਵਸਾਉਣ ਲਈ ਚੁਣੇਗਾ।
3ਤੁਸੀਂ ਉਹ ਦੇ ਨਾਲ ਖ਼ਮੀਰ ਨਾ ਖਾਇਓ। ਤੁਸੀਂ ਸੱਤ ਦਿਨ ਤੱਕ ਪਤੀਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ, ਉਹ ਦੇ ਨਾਲ ਖਾਇਓ ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਜਲਦਬਾਜ਼ੀ ਵਿੱਚ ਨਿੱਕਲੇ ਸੀ।
4ਸੱਤ ਦਿਨਾਂ ਤੱਕ ਕੋਈ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ, ਅਤੇ ਜੋ ਪਸ਼ੂ ਪਹਿਲੇ ਦਿਨ ਦੀ ਸ਼ਾਮ ਨੂੰ ਤੁਸੀਂ ਬਲੀ ਕਰਕੇ ਚੜ੍ਹਾਓ ਉਸ ਦੇ ਮਾਸ ਵਿੱਚੋਂ ਸਵੇਰ ਤੱਕ ਕੁਝ ਬਾਕੀ ਨਾ ਰਹੇ।
5ਤੁਸੀਂ ਪਸਾਹ ਨੂੰ ਆਪਣੇ ਕਿਸੇ ਫਾਟਕ ਦੇ ਅੰਦਰ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਬਲੀ ਕਰਕੇ ਨਾ ਚੜ੍ਹਾਇਓ,
6ਪਰੰਤੂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਉੱਥੇ ਤੁਸੀਂ ਸ਼ਾਮ ਨੂੰ ਪਸਾਹ ਚੜ੍ਹਾਇਓ, ਜਦ ਸੂਰਜ ਡੁੱਬ ਰਿਹਾ ਹੋਵੇ ਅਤੇ ਸਾਲ ਦੇ ਉਸੇ ਸਮੇਂ ਵਿੱਚ ਜਦ ਤੁਸੀਂ ਮਿਸਰ ਤੋਂ ਨਿੱਕਲੇ ਸੀ।
7ਤੁਸੀਂ ਉਸਦਾ ਮਾਸ ਭੁੰਨ ਕੇ ਉਸੇ ਸਥਾਨ ਵਿੱਚ ਖਾਇਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ, ਫੇਰ ਸਵੇਰ ਨੂੰ ਤੁਸੀਂ ਆਪਣੇ ਤੰਬੂਆਂ ਨੂੰ ਮੁੜ ਆਇਓ।
8ਛੇ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਇਓ ਅਤੇ ਸੱਤਵੇਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਮਹਾਂ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ।
9ਜਦ ਤੋਂ ਤੁਸੀਂ ਆਪਣੀ ਖੜ੍ਹੀ ਫ਼ਸਲ ਨੂੰ ਦਾਤੀ ਲਾਉਣ ਲੱਗੋ, ਉਸ ਸਮੇਂ ਤੋਂ ਸ਼ੁਰੂ ਕਰਕੇ ਤੁਸੀਂ ਸੱਤ ਹਫ਼ਤੇ ਗਿਣ ਲਿਓ।
10ਤਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੀ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਪਰਬ ਮਨਾਇਓ।
11ਉਸ ਸਥਾਨ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਉੱਥੇ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਉਹ ਲੇਵੀ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੋਵੇ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਕੋਲ ਹੋਣ, ਤੁਸੀਂ ਸਾਰੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ।
12ਯਾਦ ਰੱਖਿਓ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ, ਇਸ ਲਈ ਤੁਸੀਂ ਇਨ੍ਹਾਂ ਬਿਧੀਆਂ ਨੂੰ ਮੰਨਿਓ ਅਤੇ ਪੂਰਾ ਕਰਿਓ।
13ਜਦ ਤੁਸੀਂ ਆਪਣੇ ਪਿੜ ਅਤੇ ਦਾਖਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਡੇਰਿਆਂ ਦਾ ਪਰਬ ਮਨਾਇਓ।
14ਆਪਣੇ ਇਸ ਪਰਬ ਵਿੱਚ ਤੁਸੀਂ, ਤੁਹਾਡਾ ਪੁੱਤਰ, ਤੁਹਾਡੀ ਧੀ, ਤੁਹਾਡਾ ਦਾਸ, ਤੁਹਾਡੀ ਦਾਸੀ, ਅਤੇ ਲੇਵੀ, ਪਰਦੇਸੀ, ਯਤੀਮ ਅਤੇ ਵਿਧਵਾ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤੁਸੀਂ ਸਾਰੇ ਅਨੰਦ ਕਰਿਓ।
15ਤੁਸੀਂ ਉਸ ਸਥਾਨ ਵਿੱਚ ਜਿਹੜਾ ਯਹੋਵਾਹ ਚੁਣੇਗਾ, ਸੱਤ ਦਿਨਾਂ ਤੱਕ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਰਬ ਮਨਾਇਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇਗਾ, ਇਸ ਲਈ ਤੁਸੀਂ ਪੂਰਾ ਅਨੰਦ ਕਰਿਓ।
16ਸਾਲ ਵਿੱਚ ਤਿੰਨ ਵਾਰੀ, ਤੁਹਾਡੇ ਸਾਰੇ ਪੁਰਖ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਵਿੱਚ ਹਾਜ਼ਰ ਹੋਣ ਜਿਹੜਾ ਉਹ ਚੁਣੇਗਾ, ਅਰਥਾਤ ਪਤੀਰੀ ਰੋਟੀ ਦੇ ਪਰਬ, ਡੇਰਿਆਂ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਦੇ ਸਮੇਂ। ਉਹ ਖਾਲੀ ਹੱਥ ਯਹੋਵਾਹ ਦੇ ਸਨਮੁਖ ਹਾਜ਼ਰ ਨਾ ਹੋਣ।
17ਹਰੇਕ ਪੁਰਖ ਆਪਣੇ-ਆਪਣੇ ਵਿੱਤ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ।
18ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਗੋਤਾਂ ਅਨੁਸਾਰ ਆਪਣੇ ਲਈ ਨਿਆਈਂ ਅਤੇ ਪ੍ਰਧਾਨ ਨਿਯੁਕਤ ਕਰ ਲਿਓ ਅਤੇ ਉਹ ਧਰਮ ਨਾਲ ਪਰਜਾ ਦਾ ਨਿਆਂ ਕਰਨ।

19ਤੁਸੀਂ ਨਿਆਂ ਨੂੰ ਨਾ ਵਿਗਾੜਿਓ। ਤੁਸੀਂ ਕਿਸੇ ਦਾ ਪੱਖਪਾਤ ਨਾ ਕਰਿਓ। ਰਿਸ਼ਵਤ ਨਾ ਖਾਓ, ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ।
20ਤੁਸੀਂ ਧਰਮ ਦੇ ਹੀ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ।
21ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਦੇ ਕੋਲ ਜਿਹੜੀ ਤੁਸੀਂ ਬਣਾਉਗੇ, ਕਿਸੇ ਵੀ ਰੁੱਖ ਦੀ ਲੱਕੜ ਨਾਲ ਬਣੀ ਹੋਏ ਅਸ਼ੇਰਾਹ ਦੀ ਸਥਾਪਨਾ ਨਾ ਕਰਿਓ,
22ਤੁਸੀਂ ਆਪਣੇ ਲਈ ਕੋਈ ਥੰਮ੍ਹ ਖੜ੍ਹਾ ਨਾ ਕਰਿਓ, ਜਿਸ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਘਿਰਣਾ ਕਰਦਾ ਹੈ।