1ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈਨੂੰ ਯਹੋਵਾਹ ਨੇ ਭੇਜਿਆ ਹੈ ਜੋ ਮੈਂ ਤੈਨੂੰ ਅਭਿਸ਼ੇਕ ਕਰਾਂ, ਇਸ ਕਰਕੇ ਜੋ ਤੂੰ ਉਹ ਦੀ ਪਰਜਾ ਇਸਰਾਏਲ ਦਾ ਰਾਜਾ ਬਣੇਂ ਸੋ ਹੁਣ ਯਹੋਵਾਹ ਦਾ ਬਚਨ ਸੁਣ।
2ਸੈਨਾਵਾਂ ਦਾ ਯਹੋਵਾਹ ਇਉਂ ਆਖਦਾ ਹੈ, ਮੈਨੂੰ ਯਾਦ ਹੈ ਜੋ ਕੁਝ ਅਮਾਲੇਕ ਨੇ ਇਸਰਾਏਲ ਨਾਲ ਕੀਤਾ ਜਿਸ ਵੇਲੇ ਉਹ ਮਿਸਰੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ।
3ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ ਕਰ ਅਤੇ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲ਼ਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।
4ਸੋ ਸ਼ਾਊਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਤਲਾਇਮ ਵਿੱਚ ਉਹਨਾਂ ਦੀ ਗਿਣਤੀ ਕੀਤੀ। ਉਹ ਦੋ ਲੱਖ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ।
5ਸ਼ਾਊਲ ਨੇ ਅਮਾਲੇਕ ਨਗਰ ਦੀ ਘਾਟੀ ਦੇ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ।
6ਸ਼ਾਊਲ ਨੇ ਕੇਨੀਆਂ ਨੂੰ ਆਖਿਆ, ਤੁਸੀਂ ਇੱਥੋਂ ਜਾਓ, ਅਮਾਲੇਕੀਆਂ ਦੇ ਵਿੱਚੋਂ ਨਿੱਕਲ ਜਾਓ ਅਜਿਹਾ ਨਾ ਹੋਵੇ ਜੋ ਮੈਂ ਉਨ੍ਹਾਂ ਦੇ ਨਾਲ ਤੁਹਾਡਾ ਵੀ ਨਾਸ ਕਰ ਦੇਵਾਂ ਇਸ ਲਈ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰ ਵਿੱਚੋਂ ਨਿੱਕਲ ਆਏ ਸਨ। ਸੋ ਕੇਨੀ ਅਮਾਲੇਕੀਆਂ ਵਿੱਚੋਂ ਨਿੱਕਲ ਗਏ।
7ਤਦ ਸ਼ਾਊਲ ਨੇ ਅਮਾਲੇਕੀਆਂ ਨੂੰ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਜੋ ਮਿਸਰ ਦੇ ਪੂਰਬ ਵਿੱਚ ਹੈ ਮਾਰਿਆ।
8ਉਹਨਾਂ ਦੇ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ ਕਰ ਦਿੱਤਾ।
9ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਚੰਗੀਆਂ ਭੇਡਾਂ ਅਤੇ ਬਲ਼ਦਾਂ ਅਤੇ ਮੋਟੇ-ਮੋਟੇ ਵੱਛਿਆਂ ਅਤੇ ਮੇਢਿਆਂ ਦੇ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਨ੍ਹਾਂ ਦਾ ਨਾਸ ਕਰਨ ਵਿੱਚ ਰਾਜ਼ੀ ਨਾ ਹੋਏ ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ ਉਨ੍ਹਾਂ ਦਾ ਸੱਤਿਆਨਾਸ ਕਰ ਦਿੱਤਾ।
10ਤਦ ਯਹੋਵਾਹ ਦਾ ਬਚਨ ਸਮੂਏਲ ਨੂੰ ਮਿਲਿਆ,
11ਮੈਂ ਪਛਤਾਉਂਦਾ ਹਾਂ ਜੋ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਕਿਉਂ ਜੋ ਉਹ ਮੇਰੇ ਪਿਛੇ ਚੱਲਣ ਤੋਂ ਮੁੜ ਗਿਆ ਹੈ ਅਤੇ ਉਸ ਨੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਦੇ ਅੱਗੇ ਤਰਲੇ ਕਰਦਾ ਰਿਹਾ।
12ਜਦ ਸਮੂਏਲ ਸ਼ਾਊਲ ਨੂੰ ਮਿਲਣ ਲਈ ਤੜਕੇ ਉੱਠਿਆ ਤਾਂ ਸਮੂਏਲ ਨੂੰ ਖ਼ਬਰ ਹੋਈ ਜੋ ਸ਼ਾਊਲ ਕਰਮਲ ਨੂੰ ਆਇਆ ਹੋਇਆ ਹੈ ਅਤੇ ਵੇਖੋ, ਆਪਣੇ ਲਈ ਉਸ ਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ।
13ਫੇਰ ਸਮੂਏਲ ਸ਼ਾਊਲ ਕੋਲ ਗਿਆ ਅਤੇ ਸ਼ਾਊਲ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ, ਮੈਂ ਯਹੋਵਾਹ ਦੀ ਆਗਿਆ ਅਨੁਸਾਰ ਕੰਮ ਕੀਤਾ।
14ਸਮੂਏਲ ਨੇ ਆਖਿਆ, ਫੇਰ ਭੇਡਾਂ ਦੀ ਮੈਂ-ਮੈਂ ਅਤੇ ਬਲ਼ਦਾਂ ਦਾ ਅੜਿੰਗਣਾਂ ਕੀ ਹੈ, ਜੋ ਮੈਂ ਸੁਣਦਾ ਹਾਂ?
15ਸ਼ਾਊਲ ਨੇ ਆਖਿਆ, ਉਹ ਇਨ੍ਹਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ-ਚੰਗੀਆਂ ਭੇਡਾਂ ਅਤੇ ਬਲ਼ਦਾਂ ਨੂੰ ਜਿਉਂਦੇ ਰੱਖਿਆ ਜੋ ਉਨ੍ਹਾਂ ਨੂੰ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ ਅਤੇ ਰਹਿੰਦੇ ਸਭਨਾਂ ਨੂੰ ਅਸੀਂ ਮੂਲੋਂ ਹੀ ਨਾਸ ਕਰ ਸੁੱਟਿਆ।
16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਠਹਿਰ ਜਾ ਅਤੇ ਅੱਜ ਰਾਤੀਂ ਜਿਹੜਾ ਯਹੋਵਾਹ ਨੇ ਮੈਨੂੰ ਆਖਿਆ ਹੈ ਉਹ ਮੈਂ ਤੈਨੂੰ ਦੱਸਾਂਗਾ ਤਾਂ ਸ਼ਾਊਲ ਬੋਲਿਆ ਦੱਸੋ ਜੀ।
17ਸਮੂਏਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ ਤਾਂ ਭਲਾ, ਇਸਰਾਏਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ? ਯਹੋਵਾਹ ਨੇ ਇਸਰਾਏਲ ਦਾ ਰਾਜਾ ਬਣਨ ਲਈ ਤੈਨੂੰ ਅਭਿਸ਼ੇਕ ਕੀਤਾ।
18ਯਹੋਵਾਹ ਨੇ ਤੈਨੂੰ ਖ਼ਾਸ ਮਕਸਦ ਲਈ ਭੇਜਿਆ ਅਤੇ ਆਖਿਆ, ਜਾ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਦਾ ਨਾਸ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ।
19ਫੇਰ ਤੂੰ ਯਹੋਵਾਹ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਹੋਵਾਹ ਦੇ ਸਨਮੁਖ ਕਿਉਂ ਬੁਰਾਈ ਕੀਤੀ?
20ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਤਾਂ ਯਹੋਵਾਹ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾਹ ਨੇ ਮੈਨੂੰ ਭੇਜਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਰਾਜਾ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ ਕੀਤਾ ਹੈ।
21ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲ਼ਦ ਅਰਥਾਤ ਚੰਗੀਆਂ-ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ ਕਰਨਾ ਚਾਹੀਦਾ ਸੀ, ਇਸ ਲਈ ਗਿਲਗਾਲ ਵਿੱਚ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ ਲਈ ਲੈ ਆਏ ਹਨ।
22ਸਮੂਏਲ ਬੋਲਿਆ, ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਜਾਂ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਆਗਿਆ ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਮੇਂਢਿਆਂ ਦੀ ਚਰਬੀ ਨਾਲੋਂ ਚੰਗਾ ਹੈ।
23ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ, ਅਤੇ ਢੀਠਤਾ, ਮੂਰਤੀ ਪੂਜਾ ਜਿਹੀ ਹੈ। ਸੋ ਜਿਵੇਂ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ, ਉਸੇ ਤਰ੍ਹਾਂ ਹੀ ਯਹੋਵਾਹ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ।
24ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਪਾਪ ਕੀਤਾ ਕਿਉਂ ਜੋ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ
25ਸੋ ਹੁਣ ਦਯਾ ਕਰ ਕੇ ਮੇਰਾ ਪਾਪ ਮਾਫ਼ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਦੇ ਅੱਗੇ ਮੱਥਾ ਟੇਕਾਂ
26ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈ ਤੇਰੇ ਨਾਲ ਨਹੀਂ ਜਾਂਵਾਂਗਾ ਕਿਉਂ ਜੋ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਅਤੇ ਯਹੋਵਾਹ ਨੇ ਇਸਰਾਏਲ ਉੱਤੇ ਰਾਜਾ ਰਹਿਣ ਤੋਂ ਤੈਨੂੰ ਰੱਦਿਆ ਹੈ।
27ਜਦ ਸਮੂਏਲ ਵਿਦਾ ਹੋਣ ਨੂੰ ਮੁੜਿਆ ਤਾਂ ਉਹ ਨੇ ਉਸ ਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਫਟ ਗਿਆ।
28ਤਦ ਸਮੂਏਲ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੀ ਅੱਜ ਤੇਰੇ ਨਾਲੋਂ ਵੱਖ ਕਰ ਦਿੱਤਾ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੇਰੇ ਨਾਲੋਂ ਚੰਗਾ ਹੈ।
29ਇਸਰਾਏਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਪਛਤਾਉਂਦਾ ਨਹੀਂ ਕਿਉਂ ਜੋ ਉਹ ਮਨੁੱਖ ਨਹੀਂ ਜੋ ਪਛਤਾਵੇ।
30ਤਦ ਉਹ ਨੇ ਆਖਿਆ, ਮੈਂ ਪਾਪ ਕੀਤਾ ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਮੱਥਾ ਟੇਕਾਂ।
31ਤਦ ਸਮੂਏਲ ਸ਼ਾਊਲ ਦੇ ਮਗਰ ਮੁੜਿਆ ਅਤੇ ਸ਼ਾਊਲ ਨੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ।
32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਸਚਿੰਤ ਹੋ ਕੇ ਉਹ ਦੇ ਕੋਲ ਆਇਆ, ਅਗਾਗ ਨੇ ਆਖਿਆ, ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।
33ਪਰ ਸਮੂਏਲ ਨੇ ਆਖਿਆ, ਜਿਸ ਤਰ੍ਹਾਂ ਤੇਰੀ ਤਲਵਾਰ ਨੇ ਤੀਵੀਆਂ ਨੂੰ ਔਂਤਰੀਆਂ ਕੀਤਾ ਉਸੇ ਤਰ੍ਹਾਂ ਹੀ ਤੇਰੀ ਮਾਂ ਤੀਵੀਆਂ ਵਿੱਚੋਂ ਔਂਤਰੀ ਹੋਵੇਗੀ ਅਤੇ ਸਮੂਏਲ ਨੇ ਗਿਲਗਾਲ ਵਿੱਚ ਯਹੋਵਾਹ ਦੇ ਅੱਗੇ ਅਗਾਗ ਨੂੰ ਟੋਟੇ-ਟੋਟੇ ਕੀਤਾ।
34ਸਮੂਏਲ ਰਾਮਾਹ ਨੂੰ ਗਿਆ ਅਤੇ ਸ਼ਾਊਲ ਆਪਣੇ ਘਰ ਨੂੰ ਗਿਬਆਹ ਵੱਲ ਚੜ੍ਹ ਗਿਆ,
35ਅਤੇ ਸਮੂਏਲ ਆਪਣੀ ਮੌਤ ਤੱਕ ਸ਼ਾਊਲ ਨੂੰ ਨਾ ਵੇਖਣ ਗਿਆ ਤਾਂ ਵੀ ਸਮੂਏਲ ਸ਼ਾਊਲ ਤੋਂ ਉਦਾਸ ਹੁੰਦਾ ਰਿਹਾ ਅਤੇ ਯਹੋਵਾਹ ਨੇ ਵੀ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਉਣ ਵਿੱਚ ਅਫ਼ਸੋਸ ਕੀਤਾ।