1ਸਮੂਏਲ ਮਰ ਗਿਆ ਅਤੇ ਸਾਰੇ ਇਸਰਾਏਲੀਆਂ ਨੇ ਇਕੱਠਿਆਂ ਹੋ ਕੇ ਉਹ ਦਾ ਸੋਗ ਕੀਤਾ ਅਤੇ ਰਾਮਾਹ ਵਿੱਚ ਉਹ ਦੇ ਹੀ ਘਰ ਉਹ ਨੂੰ ਦੱਬਿਆ ਅਤੇ ਦਾਊਦ ਉੱਠ ਕੇ ਪਾਰਾਨ ਦੀ ਉਜਾੜ ਵੱਲ ਚਲਾ ਗਿਆ।
2ਉੱਥੇ ਮਾਓਨ ਵਿੱਚ ਇੱਕ ਮਨੁੱਖ ਸੀ ਜਿਹ ਦਾ ਕਾਰੋਬਾਰ ਕਰਮਲ ਵਿੱਚ ਸੀ। ਇਹ ਬਹੁਤ ਧਨਵਾਨ ਮਨੁੱਖ ਸੀ ਅਤੇ ਤਿੰਨ ਹਜ਼ਾਰ ਭੇਡ ਅਤੇ ਇੱਕ ਹਜ਼ਾਰ ਬੱਕਰੀਆਂ ਉਹ ਦੇ ਕੋਲ ਸੀ ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ।
3ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਹ ਦੀ ਇਸਤਰੀ ਦਾ ਨਾਮ ਅਬੀਗੈਲ ਸੀ। ਇਹ ਇਸਤਰੀ ਵੱਡੀ ਸਿਆਣੀ ਅਤੇ ਰੂਪਵੰਤੀ ਸੀ ਪਰ ਉਹ ਮਨੁੱਖ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਅਤੇ ਉਹ ਕਾਲੇਬ ਦੀ ਸੰਤਾਨ ਵਿੱਚੋਂ ਸੀ।
4ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ।
5ਸੋ ਦਾਊਦ ਨੇ ਦਸ ਜੁਆਨ ਘੱਲੇ ਅਤੇ ਦਾਊਦ ਨੇ ਉਨ੍ਹਾਂ ਜੁਆਨਾਂ ਨੂੰ ਆਖਿਆ, ਤੁਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰਾ ਨਾਮ ਲੈ ਕੇ ਉਹ ਦੀ ਸੁੱਖ-ਸਾਂਦ ਪੁੱਛੋ।
6ਅਤੇ ਉਸ ਵਡਭਾਗੀ ਮਨੁੱਖ ਨੂੰ ਇਉਂ ਆਖੋ, ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਨ੍ਹਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ!
7ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ ਜਦ ਤੇਰੇ ਆਜੜੀ ਸਾਡੇ ਨਾਲ ਸਨ, ਅਸੀਂ ਉਨ੍ਹਾਂ ਨੂੰ ਕੁਝ ਦੁੱਖ ਨਹੀਂ ਦਿੱਤਾ ਅਤੇ ਜਿੰਨਾਂ ਚਿਰ ਉਹ ਕਰਮਲ ਵਿੱਚ ਸਨ ਉਨ੍ਹਾਂ ਦਾ ਕੁਝ ਨਹੀਂ ਗੁਆਚਿਆ।
8ਤੂੰ ਆਪਣੇ ਜੁਆਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ ਸੋ ਸਾਡੇ ਇਹ ਜੁਆਨ ਤੁਹਾਡੀ ਨਿਗਾਹ ਵਿੱਚ ਦਯਾ ਜੋਗ ਹੋਣ ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ। ਜੋ ਕੁਝ ਤੇਰੇ ਹੱਥ ਆਵੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖ਼ਸ਼ ਦੇ।
9ਸੋ ਦਾਊਦ ਦੇ ਜੁਆਨਾਂ ਨੇ ਦਾਊਦ ਦਾ ਨਾਮ ਲੈ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆ ਕੇ ਆਖਿਆ, ਤਾਂ ਚੁੱਪ ਕਰ ਰਹੇ।
10ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਭਲਾ, ਦਾਊਦ ਹੈ ਕੌਣ ਅਤੇ ਯੱਸੀ ਦਾ ਪੁੱਤਰ ਕੌਣ? ਅੱਜ-ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ।
11ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਤੇ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ?
12ਦਾਊਦ ਦੇ ਜੁਆਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਨ੍ਹਾਂ ਸਭਨਾਂ ਗੱਲਾਂ ਦੇ ਅਨੁਸਾਰ ਉਹ ਨੂੰ ਸੁਨੇਹਾ ਆ ਦਿੱਤਾ।
13ਤਦ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸੱਭੋ ਆਪੋ ਆਪਣੀਆਂ ਤਲਵਾਰਾਂ ਬੰਨ੍ਹੋ। ਸੋ ਸਭਨਾਂ ਨੇ ਆਪੋ-ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ ਚਾਰ ਸੌ ਜੁਆਨ ਦਾਊਦ ਦੇ ਨਾਲ ਤੁਰ ਪਏ ਅਤੇ ਦੋ ਸੌ ਨਿੱਕ ਸੁੱਕ ਕੋਲ ਠਹਿਰੇ।
14ਪਰ ਉਨ੍ਹਾਂ ਜੁਆਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਇਸਤਰੀ ਅਬੀਗੈਲ ਨੂੰ ਆਖਿਆ, ਵੇਖੋ, ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁੱਖ-ਸਾਂਦ ਪੁੱਛਣ ਲਈ ਦੂਤ ਘੱਲੇ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ।
15ਪਰ ਉਨ੍ਹਾਂ ਲੋਕਾਂ ਨੇ ਸਾਡੇ ਨਾਲ ਵੱਡੀ ਭਲਿਆਈ ਕੀਤੀ ਅਤੇ ਸਾਨੂੰ ਕੁਝ ਦੁੱਖ ਨਹੀਂ ਹੋਇਆ ਅਤੇ ਜਿੰਨਾਂ ਚਿਰ ਅਸੀਂ ਉਨ੍ਹਾਂ ਵਿੱਚ ਰਹੇ ਅਤੇ ਮੈਦਾਨਾਂ ਵਿੱਚ ਸੀ ਉੱਨਾ ਚਿਰ ਸਾਡਾ ਕੁਝ ਨਹੀਂ ਗੁਆਚਿਆ।
16ਸਗੋਂ ਜਿੰਨਾਂ ਚਿਰ ਅਸੀਂ ਉਨ੍ਹਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ।
17ਸੋ ਹੁਣ ਸਮਝੋ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹ ਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ। ਉਹ ਤਾਂ ਅਜਿਹਾ ਦੁਸ਼ਟ ਦਾ ਪੁੱਤਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ।
18ਤਦ ਅਬੀਗੈਲ ਫੁਰਤੀ ਨਾਲ ਉੱਠੀ ਅਤੇ ਦੋ ਸੌ ਰੋਟੀਆਂ ਅਤੇ ਦੋ ਮਸ਼ਕਾਂ ਮੈਅ ਦੀਆਂ ਅਤੇ ਪੰਜ ਭੇਡਾਂ ਰਿੰਨ੍ਹੀਆਂ ਹੋਈਆਂ ਅਤੇ ਪੰਜ ਟੋਪੇ ਭੁੰਨੇ ਹੋਏ ਦਾਣੇ ਅਤੇ ਇੱਕ ਸੌ ਗੁੱਛਾ ਸੌਗੀ ਦਾ ਅਤੇ ਦੋ ਸੌ ਪਿੰਨੀ ਹੰਜ਼ੀਰਾਂ ਦੀ ਲੈ ਕੇ ਗਧਿਆਂ ਉੱਤੇ ਲੱਦ ਲਿਆ।
19ਅਤੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਅੱਗੇ ਤੁਰੋ। ਵੇਖੋ, ਮੈਂ ਤੁਹਾਡੇ ਮਗਰ-ਮਗਰ ਆਉਂਦੀ ਹਾਂ ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਾ ਦੱਸਿਆ।
20ਅਜਿਹਾ ਹੋਇਆ ਜਿਸ ਵੇਲੇ ਉਹ ਗਧੇ ਉੱਤੇ ਚੜ੍ਹ ਕੇ ਪਰਬਤ ਦੇ ਰਾਹ ਵੱਲੋਂ ਲਹਿ ਗਈ ਉਸ ਵੇਲੇ ਦਾਊਦ ਵੀ ਆਪਣਿਆਂ ਲੋਕਾਂ ਸਮੇਤ ਉਹ ਦੇ ਸਾਹਮਣੇ ਲਹਿੰਦਾ ਆਇਆ ਅਤੇ ਉਹ ਉਸ ਨੂੰ ਮਿਲ ਪਈ।
21ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਸੀ ਸੋ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਹ ਦੇ ਸਾਰੇ ਮਾਲ ਵਿੱਚੋਂ ਰੱਤਾ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੇ ਥਾਂ ਮੇਰੇ ਨਾਲ ਬੁਰਿਆਈ ਕੀਤੀ।
22ਸੋ ਜੇ ਕਦੀ ਮੈਂ ਸਵੇਰੇ ਤੱਕ ਉਹ ਦੇ ਸਾਰੇ ਮਨੁੱਖਾਂ ਵਿੱਚੋਂ ਇੱਕ ਨੂੰ ਵੀ ਜੋ ਕੰਧ ਦੇ ਨਾਲ ਮੂਤ੍ਰੇ ਛੱਡ ਦੇਵਾਂ ਤਾਂ ਪਰਮੇਸ਼ੁਰ ਦਾਊਦ ਦੇ ਵੈਰੀਆਂ ਨਾਲ ਵੀ ਅਜਿਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ।
23ਜਦ ਅਬੀਗੈਲ ਨੇ ਦਾਊਦ ਨੂੰ ਦੇਖਿਆ ਤਾਂ ਛੇਤੀ ਕੀਤੀ ਅਤੇ ਗਧੇ ਉੱਤੋਂ ਹੇਠਾਂ ਉਤਰ ਕੇ ਦਾਊਦ ਦੇ ਅੱਗੇ ਮੂੰਹ ਪਰਨੇ ਡਿੱਗ ਪਈ ਅਤੇ ਧਰਤੀ ਤੇ ਮੱਥਾ ਟੇਕਿਆ।
24ਉਹ ਦੇ ਪੈਰਾਂ ਉੱਤੇ ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ ਲਓ।
25ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ ਕਿਉਂ ਜੋ ਜਿਹਾ ਉਹ ਦਾ ਨਾਮ ਹੈ ਤਿਹਾ ਹੀ ਉਹ ਹੈ। ਉਹ ਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹ ਦੇ ਨਾਲ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਸੋ ਮੇਰੇ ਮਹਾਰਾਜ ਦੇ ਜੁਆਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੇਜਿਆ, ਵੇਖਿਆ ਨਹੀਂ ਸੀ।
26ਸੋ ਹੁਣ ਹੇ ਮੇਰੇ ਮਹਾਰਾਜ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਅਤੇ ਤੇਰੀ ਜਿੰਦ ਦੀ ਸਹੁੰ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ ਸੋ ਤੁਹਾਡੇ ਵੈਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰਿਆਈ ਲੋਚਦੇ ਹਨ ਨਾਬਾਲ ਵਰਗੇ ਹੋਣ!
27ਹੁਣ ਇਹ ਭੇਟ ਜੋ ਤੁਹਾਡੀ ਦਾਸੀ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਨ੍ਹਾਂ ਜੁਆਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ।
28ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ।
29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਿੰਦ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਿੰਦ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਵੈਰੀਆਂ ਦੇ ਪ੍ਰਾਣਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ।
30ਅਤੇ ਅਜਿਹਾ ਹੋਵੇਗਾ, ਜਿਸ ਵੇਲ ਯਹੋਵਾਹ ਆਪਣੇ ਆਖਣ ਦੇ ਅਨੁਸਾਰ ਸਾਰੀਆਂ ਭਲਿਆਈਆਂ ਮੇਰੇ ਮਹਾਰਾਜ ਨਾਲ ਕਰ ਛੱਡੇ ਅਤੇ ਤੁਹਾਨੂੰ ਇਸਰਾਏਲ ਦਾ ਪ੍ਰਧਾਨ ਠਹਿਰਾਵੇ।
31ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਹੋਵਾਹ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ।
32ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੈਨੂੰ ਮਿਲਣ ਨੂੰ ਭੇਜਿਆ ਹੈ।
33ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।
34ਕਿਉਂ ਜੋ ਸੱਚੀ ਮੁੱਚੀ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਹਟਾਇਆ ਜੇ ਕਦੀ ਤੂੰ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਸਵੇਰੇ ਤੱਕ ਨਾਬਾਲ ਦਾ ਇੱਕ ਵੀ ਪੁਰਖ ਨਾ ਛੱਡਦਾ!
35ਅਤੇ ਦਾਊਦ ਨੇ ਉਹ ਦੇ ਹੱਥੋਂ ਜੋ ਕੁਝ ਉਹ ਉਸ ਦੇ ਕੋਲ ਲੈ ਆਈ ਸੀ ਲੈ ਲਿਆ ਅਤੇ ਉਹ ਨੂੰ ਆਖਿਆ, ਆਪਣੇ ਘਰ ਸੁੱਖ-ਸਾਂਦ ਨਾਲ ਜਾ। ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ।
36ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ।
37ਅਤੇ ਅਜਿਹਾ ਹੋਇਆ ਜੋ ਪਰਭਾਤ ਨੂੰ ਜਿਸ ਵੇਲੇ ਨਾਬਾਲ ਦਾ ਨਸ਼ਾ ਉਤਰ ਗਿਆ ਤਾਂ ਉਹ ਦੀ ਇਸਤਰੀ ਨੇ ਉਹ ਨੂੰ ਸਾਰੀ ਗੱਲ ਦੱਸੀ ਤਾਂ ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ।
38ਅਜਿਹਾ ਹੋਇਆ ਜੋ ਦਸਾਂ ਦਿਨਾਂ ਪਿੱਛੋਂ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।
39ਦਾਊਦ ਨੇ ਸੁਣਿਆ ਜੋ ਨਾਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾਹ ਜਿਸ ਨੇ ਨਾਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਬਦਲਾ ਲਿਆ ਅਤੇ ਆਪਣੇ ਦਾਸ ਨੂੰ ਬੁਰਿਆਈ ਤੋਂ ਬਚਾਇਆ ਕਿਉਂ ਜੋ ਯਹੋਵਾਹ ਨੇ ਨਾਬਾਲ ਦੀ ਬੁਰਾਈ ਨੂੰ ਉਸੇ ਦੇ ਸਿਰ ਉੱਤੇ ਪਾਇਆ। ਤਾਂ ਦਾਊਦ ਨੇ ਸੇਵਕ ਘੱਲੇ ਅਤੇ ਅਬੀਗੈਲ ਨਾਲ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਗੱਲਾਂ ਕੀਤੀਆਂ।
40ਜਦ ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿੱਚ ਆਏ ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਦਾਊਦ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਜੋ ਅਸੀਂ ਤੁਹਾਨੂੰ ਉਹ ਦੀ ਪਤਨੀ ਬਣਨ ਲਈ ਲੈ ਜਾਈਏ।
41ਤਦ ਉਹ ਉੱਠੀ ਅਤੇ ਧਰਤੀ ਉੱਤੇ ਮੂੰਹ ਪਰਨੇ ਡਿੱਗ ਪਈ ਅਤੇ ਬੋਲੀ, ਵੇਖੋ ਤੁਹਾਡੀ ਦਾਸੀ ਆਪਣੇ ਮਹਾਰਾਜ ਦੇ ਸੇਵਕਾਂ ਦੇ ਪੈਰ ਧੋਣ ਵਾਲੀ ਸੇਵਾਦਾਰਨੀ ਠਹਿਰੇ।
42ਅਤੇ ਅਬੀਗੈਲ ਨੇ ਛੇਤੀ ਕੀਤੀ ਅਤੇ ਉੱਠ ਕੇ ਗਧੇ ਉੱਤੇ ਚੜ੍ਹ ਬੈਠੀ ਅਤੇ ਆਪਣੀਆਂ ਪੰਜ ਸਹੇਲੀਆਂ ਜੋ ਉਹ ਦੇ ਨਾਲ ਸਨ, ਲੈ ਲਈਆਂ ਅਤੇ ਦਾਊਦ ਦੇ ਦੂਤਾਂ ਦੇ ਨਾਲ ਤੁਰ ਪਈ ਅਤੇ ਉਹ ਦੀ ਪਤਨੀ ਬਣੀ।
43ਦਾਊਦ ਨੇ ਯਿਜ਼ਰਏਲ ਵਿੱਚੋਂ ਅਹੀਨੋਅਮ ਨੂੰ ਵੀ ਪਤਨੀ ਬਣਾਇਆ ਸੋ ਉਹ ਦੋਵੇਂ ਉਹ ਦੀਆਂ ਪਤਨੀਆਂ ਬਣ ਗਈਆਂ।
44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਊਦ ਦੀ ਪਤਨੀ ਸੀ ਲੈਸ਼ ਦੇ ਪੁੱਤਰ ਗੱਲੀਮੀ ਫਲਟੀ ਨੂੰ ਦੇ ਦਿੱਤੀ ਸੀ।