Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਪਰਕਾਸ਼ ਦੀ ਪੋਥੀ

ਪਰਕਾਸ਼ ਦੀ ਪੋਥੀ 4

Help us?
Click on verse(s) to share them!
1ਇਸ ਤੋਂ ਬਾਅਦ ਮੈਂ ਦੇਖਿਆ, ਤਾਂ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਅਵਾਜ਼ ਜੋ ਮੈਂ ਸੁਣੀ, ਸੋ ਤੁਰ੍ਹੀ ਜਿਹੀ ਮੇਰੇ ਨਾਲ ਗੱਲ ਕਰਦੀ ਸੀ ਕਿ ਐਧਰ ਉੱਪਰ ਨੂੰ ਆ ਜਾ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਂਵਾਗਾ।
2ਉਸੇ ਤਰ੍ਹਾਂ ਹੀ ਮੈਂ ਆਤਮਾ ਵਿੱਚ ਆਇਆ ਤਦ ਕੀ ਵੇਖਦਾ ਹਾਂ ਕਿ ਸਵਰਗ ਵਿੱਚ ਇੱਕ ਸਿੰਘਾਸਣ ਰੱਖਿਆ ਹੋਇਆ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬਿਰਾਜਮਾਨ ਹੈ।
3ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੇ ਦੁਆਲੇ ਇੱਕ ਮੇਘ ਧਣੁੱਖ ਹੈ ਜੋ ਵੇਖਣ ਨੂੰ ਪੰਨੇ ਦੇ ਵਰਗਾ ਹੈ।
4ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਗੱਦੀਆਂ ਹਨ ਅਤੇ ਮੈਂ ਚੌਵੀ ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਰੱਖੇ ਉਹਨਾਂ ਗੱਦੀਆਂ ਉੱਤੇ ਬੈਠੇ ਦੇਖਿਆ।
5ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ, ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿੱਕਲਦੀਆਂ ਹਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੇ ਸੱਤ ਦੀਵੇ ਬਲਦੇ ਹਨ, ਜਿਹੜੇ ਪਰਮੇਸ਼ੁਰ ਦੇ ਸੱਤੇ ਆਤਮੇ ਹਨ।
6ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਸੀ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਹਨ, ਜਿਹੜੇ ਅੱਗਿਓਂ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ।
7ਅਤੇ ਪਹਿਲਾ ਪ੍ਰਾਣੀ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਪ੍ਰਾਣੀ ਵਹਿੜਕੇ ਵਰਗਾ ਅਤੇ ਤੀਜੇ ਪ੍ਰਾਣੀ ਦਾ ਮੂੰਹ ਮਨੁੱਖ ਦੇ ਮੂੰਹ ਵਰਗਾ ਹੈ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਹੈ।
8ਅਤੇ ਉਹ ਚਾਰੇ ਪ੍ਰਾਣੀ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਹਨ ਅਤੇ ਉਹ ਰਾਤ-ਦਿਨ ਇਹ ਕਹਿੰਦੇ ਨਹੀਂ ਥੱਕਦੇ - ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ!
9ਜਦੋਂ ਉਹ ਪ੍ਰਾਣੀ ਉਸ ਦੀ ਵਡਿਆਈ, ਮਾਣ ਅਤੇ ਧੰਨਵਾਦ ਕਰਨਗੇ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ
10ਤਾਂ ਚੌਵੀ ਬਜ਼ੁਰਗ ਉਹ ਦੇ ਅੱਗੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਉਹ ਨੂੰ ਮੱਥਾ ਟੇਕਣਗੇ ਅਤੇ ਇਹ ਆਖਦੇ ਹੋਏ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਸੁੱਟਣਗੇ
11ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੈਂ, ਤੂੰ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਉਹ ਤੇਰੀ ਹੀ ਮਰਜ਼ੀ ਨਾਲ ਹੋਈਆਂ ਅਤੇ ਰਚੀਆਂ ਗਈਆਂ!