Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਪਰਕਾਸ਼ ਦੀ ਪੋਥੀ

ਪਰਕਾਸ਼ ਦੀ ਪੋਥੀ 9

Help us?
Click on verse(s) to share them!
1ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ।
2ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ।
3ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਬਿਛੂਆਂ ਦੇ ਬਲ ਵਰਗਾ ਬਲ ਦਿੱਤਾ ਗਿਆ।
4ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ।
5ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ, ਜਿਵੇਂ ਬਿਛੂਆਂ ਦੇ ਡੰਗ ਮਾਰਨ ਨਾਲ ਪੀੜ ਹੁੰਦੀ ਹੈ।
6ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ।
7ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ। ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ।
8ਉਹਨਾਂ ਦੇ ਵਾਲ਼ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਸਨ।
9ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੂਕ ਰੱਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ।
10ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ।
11ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ। ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੁਓਨ ਹੈ।
12ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੋ ਦੁੱਖ ਹੋਰ ਆਉਂਦੇ ਹਨ!
13ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ।
14ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ!
15ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ।
16ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ। ਮੈਂ ਉਹਨਾਂ ਦੀ ਗਿਣਤੀ ਸੁਣੀ।
17ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਹੈ!
18ਅੱਗ, ਧੂੰਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ।

19ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੂੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ।
20ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ, ਉਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ,
21ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ।