Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਪਰਕਾਸ਼ ਦੀ ਪੋਥੀ

ਪਰਕਾਸ਼ ਦੀ ਪੋਥੀ 20

Help us?
Click on verse(s) to share them!
1ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ।
2ਅਤੇ ਉਹ ਨੇ ਅਜਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫੜਿਆ ਅਤੇ ਹਜ਼ਾਰ ਸਾਲ ਤੱਕ ਉਹ ਨੂੰ ਜਕੜ ਰੱਖਿਆ।
3ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਬੰਦ ਕਰਕੇ ਉਹ ਦੇ ਉੱਤੇ ਮੋਹਰ ਲਾਈ ਜੋ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ, ਜਿਨ੍ਹਾਂ ਚਿਰ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ। ਇਸ ਤੋਂ ਬਾਅਦ ਜ਼ਰੂਰੀ ਹੈ ਭਈ ਉਹ ਥੋੜ੍ਹੇ ਸਮਾਂ ਲਈ ਛੱਡਿਆ ਜਾਵੇ।
4ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ।
5ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ। ਇਹ ਪਹਿਲਾ ਮੁਰਦਿਆਂ ਦਾ ਜੀ ਉੱਠਣਾ ਹੈ।
6ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।
7ਜਦ ਉਹ ਹਜ਼ਾਰ ਸਾਲ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ।
8ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ।
9ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ ਕਰ ਦਿੱਤਾ!
10ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।
11ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ।
12ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ।
13ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਉਹਨਾਂ ਨੂੰ ਦੇ ਦਿੱਤਾ ਜੋ ਉਸ ਵਿੱਚ ਸਨ, ਅਤੇ ਹਰੇਕ ਦਾ ਨਿਆਂ ਉਹ ਦੇ ਕੰਮਾਂ ਅਨੁਸਾਰ ਕੀਤਾ ਗਿਆ।
14ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ।
15ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।