Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਪਰਕਾਸ਼ ਦੀ ਪੋਥੀ

ਪਰਕਾਸ਼ ਦੀ ਪੋਥੀ 3

Help us?
Click on verse(s) to share them!
1ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਦੇ ਕੋਲ ਪਰਮੇਸ਼ੁਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ, ਉਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਅਖਵਾਉਂਦਾ ਹੈਂ ਪਰ ਹੈ ਮੁਰਦਾ।
2ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ, ਭਾਵੇਂ ਮਿਟਣ ਵਾਲਾ ਹੋਵੇ, ਉਹ ਨੂੰ ਪੱਕਿਆਂ ਕਰ ਕਿਉਂ ਜੋ ਮੈਂ ਤੇਰੇ ਕੰਮ ਆਪਣੇ ਪਰਮੇਸ਼ੁਰ ਦੇ ਅੱਗੇ ਪੂਰੇ ਨਹੀਂ ਪਾਏ।
3ਇਸ ਲਈ ਚੇਤੇ ਕਰ ਕਿ ਤੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਅਤੇ ਸੁਣਿਆ, ਅਤੇ ਉਹ ਦੀ ਪਾਲਨਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂੰ ਆਵਾਂਗਾ ਅਤੇ ਤੈਨੂੰ ਬਿਲਕੁਲ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਸ ਵੇਲੇ ਆ ਪਵਾਂਗਾ।
4ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਕਿਉਂਕਿ ਉਹ ਇਸ ਦੇ ਯੋਗ ਹਨ।
5ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹ ਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਵਾਂਗਾ ਸਗੋਂ ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਅੱਗੇ ਉਹ ਦੇ ਨਾਮ ਦਾ ਇਕਰਾਰ ਕਰਾਂਗਾ।
6ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।
7ਫ਼ਿਲਦਲਫ਼ੀਏ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਚ ਹੈ, ਜਿਹ ਦੇ ਕੋਲ ਦਾਊਦ ਦੀ ਕੁੰਜੀ ਹੈ, ਉਸ ਦੇ ਖੋਲ੍ਹੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਉਸ ਦੇ ਬੰਦ ਕੀਤੇ ਹੋਏ ਨੂੰ ਕੋਈ ਖੋਲ੍ਹ ਨਹੀਂ ਸਕਦਾ, ਉਹ ਇਹ ਆਖਦਾ ਹੈ,
8ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ, ਜਿਹੜਾ ਕਿਸੇ ਤੋਂ ਬੰਦ ਨਹੀਂ ਹੋ ਸਕਦਾ, ਕਿਉਂਕਿ ਭਾਵੇਂ ਤੇਰੀ ਸਮਰੱਥਾ ਥੋੜੀ ਹੈ ਪਰ ਤੂੰ ਮੇਰੇ ਬਚਨ ਦੀ ਪਾਲਨਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ।
9ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਉਹ ਯਹੂਦੀ ਨਹੀਂ ਹਨ ਸਗੋਂ ਝੂਠ ਬੋਲਦੇ ਹਨ, ਕਈਆਂ ਨਾਲ ਅਜਿਹਾ ਕਰਾਂਗਾ ਜੋ ਉਹ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣ ਅਤੇ ਜਾਣ ਲੈਣ ਜੋ ਮੈਂ ਤੇਰੇ ਨਾਲ ਪਿਆਰ ਕੀਤਾ।
10ਤੂੰ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਉਸ ਪ੍ਰੀਖਿਆ ਦੇ ਸਮੇਂ ਤੇਰੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਨੂੰ ਪਰਖਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲੀ ਹੈ।
11ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਮਜ਼ਬੂਤੀ ਨਾਲ ਫੜੀ ਰੱਖ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ।
12ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ।
13ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।
14ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ੁਰ ਦੀ ਉਤਪਤੀ ਦਾ ਮੁੱਢ ਹੈ, ਉਹ ਇਹ ਆਖਦਾ ਹੈ,
15ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਠੰਡਾ ਹੈਂ ਅਤੇ ਨਾ ਗਰਮ ਹੈਂ। ਮੈਂ ਚਾਹੁੰਦਾ ਸੀ ਜੋ ਤੂੰ ਠੰਡਾ ਜਾਂ ਗਰਮ ਹੁੰਦਾ!
16ਸੋ ਤੂੰ ਸੀਲ ਗਰਮ ਜੋ ਹੈਂ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ।
17ਤੂੰ ਜੋ ਆਖਦਾ ਹੈਂ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈਂ ਕਿ ਤੂੰ ਦੁੱਖੀ, ਮੰਦਭਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ।
18ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਜੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਪਹਿਨ ਲਵੇਂ ਅਤੇ ਤੇਰੇ ਨੰਗੇਜ਼ ਦੀ ਸ਼ਰਮ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ, ਜੋ ਤੂੰ ਸੁਜਾਖਾ ਹੋ ਜਾਵੇਂ।

19ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੋਬਾ ਕਰ।
20ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਦਰਵਾਜ਼ਾ ਖੋਲ੍ਹ ਦੇਵੇ, ਤਾਂ ਮੈਂ ਉਹ ਦੇ ਕੋਲ ਅੰਦਰ ਜਾਂਵਾਂਗਾ ਅਤੇ ਉਹ ਦੇ ਨਾਲ ਭੋਜਨ ਖਾਵਾਂਗਾ ਅਤੇ ਉਹ ਮੇਰੇ ਨਾਲ ਖਾਵੇਗਾ।
21ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ।
22ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।