Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਪਰਕਾਸ਼ ਦੀ ਪੋਥੀ

ਪਰਕਾਸ਼ ਦੀ ਪੋਥੀ 13

Help us?
Click on verse(s) to share them!
1ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ।
2ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ।
3ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖ਼ਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਡੂੰਘਾ ਜਖ਼ਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ।
4ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ?
5ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ।
6ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ।
7ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ।
8ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।
9ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ।
10ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਢੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ।
11ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ।
12ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਦਾ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ।
13ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ।
14ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ।
15ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ।
16ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ।
17ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ।
18ਇਹ ਗਿਆਨ ਦਾ ਮੌਕਾ ਹੈ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ। ਉਹ ਮਨੁੱਖ ਦਾ ਅੰਕ ਹੈ ਅਤੇ ਉਹ ਦਾ ਅੰਕ 666 (ਛੇ ਸੌ ਛਿਆਹਠ) ਹੈ।