1ਮੈਂ ਇੱਕ ਹੋਰ ਬਲਵਾਨ ਦੂਤ ਨੂੰ ਬੱਦਲ ਪਹਿਨੀ ਸਵਰਗ ਤੋਂ ਉੱਤਰਦੇ ਵੇਖਿਆ, ਉਸ ਦੇ ਸਿਰ ਉੱਤੇ ਸੱਤਰੰਗੀ ਪੀਂਘ ਸੀ, ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅੱਗ ਦੇ ਥੰਮਾਂ ਵਰਗੇ ਸਨ।
2ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸ ਨੇ ਫੜ੍ਹੀ ਹੋਈ ਸੀ। ਉਸ ਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ।
3ਤਾਂ ਉਸ ਨੇ ਵੱਡੀ ਅਵਾਜ਼ ਨਾਲ ਇਸ ਤਰ੍ਹਾਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ। ਜਦੋਂ ਉਸ ਨੇ ਪੁਕਾਰਿਆ ਤਾਂ ਬੱਦਲ ਦੀਆਂ ਸੱਤ ਗਰਜਾਂ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ।
4ਅਤੇ ਜਦੋਂ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਸਵਰਗ ਇਹ ਆਖਦੇ ਸੁਣੀ ਕਿ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ!
5ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉੱਠਾਇਆ।
6ਅਤੇ ਜਿਹੜਾ ਜੁੱਗੋ-ਜੁੱਗ ਜਿਉਂਦਾ ਹੈ ਜਿਸ ਨੇ ਅਕਾਸ਼, ਧਰਤੀ, ਜੋ ਕੁਝ ਅਕਾਸ਼ ਅਤੇ ਧਰਤੀ ਦੇ ਵਿੱਚ ਹੈ, ਸਮੁੰਦਰ ਅਤੇ ਜੋ ਕੁਝ ਸਮੁੰਦਰ ਵਿੱਚ ਹੈ ਉਤਪਤ ਕੀਤਾ, ਉਹ ਦੀ ਸਹੁੰ ਖਾਧੀ ਭਈ ਹੋਰ ਸਮਾਂ ਨਹੀਂ ਲੱਗੇਗਾ!
7ਸਗੋਂ ਸੱਤਵੇਂ ਦੂਤ ਦੀ ਅਵਾਜ਼ ਦੇ ਦਿਨੀਂ ਜਦੋਂ ਉਹ ਤੁਰ੍ਹੀ ਵਜਾਵੇਗਾ ਤਾਂ ਪਰਮੇਸ਼ੁਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਹ ਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਦੀ ਖੁਸ਼ਖਬਰੀ ਦਿੱਤੀ ਸੀ।
8ਅਤੇ ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਮੈਂ ਉਹ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਇਹ ਆਖਦੇ ਸੁਣਿਆ ਭਈ ਜਾ, ਉਹ ਪੋਥੀ ਲੈ ਲੈ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਪਈ ਹੈ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਹੈ।
9ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ, ਅਤੇ ਉਸ ਨੇ ਮੈਨੂੰ ਆਖਿਆ, ਲੈ ਅਤੇ ਇਹ ਨੂੰ ਖਾਹ ਜਾ। ਇਹ ਤੇਰੇ ਢਿੱਡ ਨੂੰ ਤਾਂ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ।
10ਤਦ ਮੈਂ ਉਹ ਛੋਟੀ ਪੋਥੀ ਦੂਤ ਦੇ ਹੱਥੋਂ ਲੈ ਲਈ ਅਤੇ ਉਹ ਨੂੰ ਖਾਧਾ ਅਤੇ ਉਹ ਮੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੀ ਅਤੇ ਜਦੋਂ ਮੈਂ ਉਹ ਨੂੰ ਖਾ ਲਿਆ ਤਦ ਮੇਰਾ ਢਿੱਡ ਕੌੜਾ ਹੋ ਗਿਆ।
11ਅਤੇ ਉਨ੍ਹਾਂ ਮੈਨੂੰ ਆਖਿਆ, ਤੈਨੂੰ ਬਹੁਤਿਆਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਉੱਤੇ ਫੇਰ ਅਗੰਮ ਵਾਕ ਕਰਨਾ ਪਵੇਗਾ!