Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯੋਏਲ

ਯੋਏਲ 3

Help us?
Click on verse(s) to share them!
1ਕਿਉਂ ਜੋ ਵੇਖੋ, ਉਹਨਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ
2ਉਸ ਸਮੇਂ ਮੈਂ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਪਰਜਾ ਅਤੇ ਆਪਣੇ ਨਿੱਜ-ਭਾਗ ਇਸਰਾਏਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ, ਕਿਉਂ ਜੋ ਉਹਨਾਂ ਨੇ ਉਨ੍ਹਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ,
3ਅਤੇ ਮੇਰੀ ਪਰਜਾ ਉੱਤੇ ਪਰਚੀਆਂ ਪਾਈਆਂ ਅਤੇ ਇੱਕ ਮੁੰਡਾ ਵੇਸਵਾ ਦੇ ਬਦਲੇ ਵਿੱਚ ਦੇ ਦਿੱਤਾ ਅਤੇ ਮਧ ਪੀਣ ਲਈ ਇੱਕ ਕੁੜੀ ਵੇਚ ਦਿੱਤੀ!
4ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ? ਕੀ ਤੁਸੀਂ ਮੈਨੂੰ ਬਦਲਾ ਦਿਓਗੇ? ਜੇਕਰ ਤੁਸੀਂ ਮੈਨੂੰ ਬਦਲਾ ਵੀ ਦਿਓ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ!
5ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਮਨਭਾਉਂਦੇ ਪਦਾਰਥ ਆਪਣੇ ਮੰਦਰਾਂ ਵਿੱਚ ਲੈ ਗਏ
6ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਇਸ ਲਈ ਵੇਚ ਦਿੱਤਾ ਤਾਂ ਜੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਹੱਦ ਤੋਂ ਦੂਰ ਕਰੋ।
7ਇਸ ਲਈ ਵੇਖੋ, ਮੈਂ ਉਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸੀਂ ਉਹਨਾਂ ਨੂੰ ਵੇਚ ਦਿੱਤਾ, ਉਠਾਵਾਂਗਾ ਅਤੇ ਤੁਹਾਡਾ ਬਦਲਾ ਤੁਹਾਡੇ ਸਿਰਾਂ ਉੱਤੇ ਮੋੜ ਦਿਆਂਗਾ
8ਅਤੇ ਮੈਂ ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਉਹ ਉਹਨਾਂ ਨੂੰ ਸ਼ਬਾਈਆਂ ਕੋਲ ਜੋ ਇੱਕ ਦੂਰ ਦੇਸ਼ ਦੀ ਕੌਮ ਹੈ, ਵੇਚਣਗੇ ਕਿਉਂ ਜੋ ਯਹੋਵਾਹ ਨੇ ਇਹ ਆਖਿਆ ਹੈ!
9ਕੌਮਾਂ ਵਿੱਚ ਇਸ ਗੱਲ ਦੀ ਘੋਸ਼ਣਾ ਕਰੋ, ਲੜਾਈ ਦੀ ਤਿਆਰੀ ਕਰੋ, ਸੂਰਮਿਆਂ ਨੂੰ ਪਰੇਰੋ, ਤਾਂ ਜੋ ਸਾਰੇ ਯੋਧੇ ਨੇੜੇ ਆਉਣ, ਉਹ ਉਤਾਹਾਂ ਆਉਣ!
10ਤੁਸੀਂ ਆਪਣਿਆਂ ਹਲ਼ਾਂ ਦੀ ਫ਼ਾਲ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣਿਆਂ ਦਾਤਰਿਆਂ ਨੂੰ ਬਰਛੀਆਂ ਬਣਾਓ! ਅਤੇ ਜੋ ਕਮਜ਼ੋਰ ਹੈ, ਉਹ ਆਖੇ, ਮੈਂ ਸੂਰਬੀਰ ਹਾਂ!
11ਹੇ ਆਲੇ-ਦੁਆਲੇ ਦੀਓ ਸਾਰੀਓ ਕੌਮੋ, ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ! ਹੇ ਯਹੋਵਾਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ।
12ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾਫ਼ਾਤ ਦੀ ਘਾਟੀ ਵਿੱਚ ਜਾਣ, ਕਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ।
13ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ। ਆਓ, ਦਾਖਾਂ ਨੂੰ ਮਿੱਧੋ ਕਿਉਂਕਿ ਹੌਦ ਭਰ ਗਈ ਹੈ, ਮਟਕੇ ਭਰ-ਭਰ ਉੱਛਲਦੇ ਹਨ, ਕਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ।
14ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ! ਕਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ!
15ਸੂਰਜ ਅਤੇ ਚੰਦ ਕਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ!
16ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਵੱਡੀ ਅਵਾਜ਼ ਸੁਣਾਵੇਗਾ, ਅਕਾਸ਼ ਅਤੇ ਧਰਤੀ ਕੰਬਣਗੇ ਪਰ ਯਹੋਵਾਹ ਆਪਣੀ ਪਰਜਾ ਲਈ ਪਨਾਹ ਅਤੇ ਇਸਰਾਏਲੀਆਂ ਲਈ ਗੜ੍ਹ ਹੋਵੇਗਾ।
17ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵੱਸਦਾ ਹਾਂ, ਯਰੂਸ਼ਲਮ ਪਵਿੱਤਰ ਹੋਵੇਗਾ, ਅਤੇ ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।
18ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।

19ਯਹੂਦਾਹ ਦੇ ਵੰਸ਼ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਅਤੇ ਅਦੋਮ ਇੱਕ ਸੁੰਨਸਾਨ ਉਜਾੜ ਹੋ ਜਾਵੇਗਾ, ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ ਨਿਰਦੋਸ਼ ਲਹੂ ਵਹਾਇਆ।
20ਪਰ ਯਹੂਦਾਹ ਸਦਾ ਲਈ ਅਤੇ ਯਰੂਸ਼ਲਮ ਪੀੜ੍ਹੀਓਂ ਪੀੜ੍ਹੀ ਵੱਸਿਆ ਰਹੇਗਾ।
21ਮੈਂ ਉਹਨਾਂ ਨੂੰ ਖ਼ੂਨ ਦੇ ਦੋਸ਼ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਹੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਕਿਉਂ ਜੋ ਯਹੋਵਾਹ ਸੀਯੋਨ ਵਿੱਚ ਵੱਸਦਾ ਹੈ।