Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯੋਏਲ

ਯੋਏਲ 2

Help us?
Click on verse(s) to share them!
1ਸੀਯੋਨ ਵਿੱਚ ਤੁਰ੍ਹੀ ਫੂਕੋ! ਮੇਰੇ ਪਵਿੱਤਰ ਪਰਬਤ ਉੱਤੇ ਸਾਂਹ ਖਿੱਚ ਦੇ ਫੂਕੋ! ਦੇਸ਼ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ!
2ਉਹ ਹਨੇਰੇ ਅਤੇ ਅੰਧਕਾਰ ਦਾ ਦਿਨ, ਸਗੋਂ ਬੱਦਲ ਅਤੇ ਘੁੱਪ ਹਨੇਰੇ ਦਾ ਦਿਨ ਹੈ! ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ, ਉਸੇ ਤਰ੍ਹਾਂ ਪਹਾੜਾਂ ਉੱਤੇ ਇੱਕ ਵੱਡੀ ਅਤੇ ਤਕੜੀ ਕੌਮ ਫੈਲੀ ਹੋਈ ਹੈ, ਉਹਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਤੱਕ ਨਹੀਂ ਹੋਣਗੇ!
3ਉਹਨਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਉਹਨਾਂ ਦੇ ਪਿੱਛੇ ਲੰਬ ਸਾੜਦੀ ਜਾਂਦੀ ਹੈ। ਉਹਨਾਂ ਦੇ ਅੱਗੇ ਦਾ ਦੇਸ਼ ਅਦਨ ਦੇ ਬਾਗ਼ ਵਰਗਾ ਹੈ, ਪਰ ਉਹਨਾਂ ਦੇ ਪਿੱਛੇ ਵਿਰਾਨ ਉਜਾੜ ਹੈ! ਉਹਨਾਂ ਤੋਂ ਕੁਝ ਵੀ ਨਹੀਂ ਬਚਦਾ।
4ਉਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਉਹ ਜੰਗੀ ਘੋੜਿਆਂ ਵਾਂਗੂੰ ਦੌੜਦੇ ਹਨ।
5ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਚੱਲਣ ਦੇ ਸ਼ੋਰ ਵਾਂਗੂੰ ਕੁੱਦਦੇ ਹਨ ਅਤੇ ਅੱਗ ਦੀ ਲੰਬ ਵਾਂਗੂੰ ਹਨ, ਜਿਹੜੀ ਪਰਾਲੀ ਨੂੰ ਭਸਮ ਕਰਦੀ ਹੈ, ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਹਨ!
6ਉਹਨਾਂ ਦੇ ਅੱਗੇ ਲੋਕ ਤੜਫ਼ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ।
7ਉਹ ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ, ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।
8ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।
9ਉਹ ਸ਼ਹਿਰ ਉੱਤੇ ਟੁੱਟ ਪੈਂਦੇ ਹਨ, ਉਹ ਸ਼ਹਿਰਪਨਾਹ ਉੱਤੇ ਦੌੜਦੇ ਹਨ, ਉਹ ਚੋਰਾਂ ਵਾਂਗੂੰ ਖਿੜਕੀਆਂ ਰਾਹੀਂ ਘਰਾਂ ਵਿੱਚ ਵੜ ਜਾਂਦੇ ਹਨ!
10ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ। ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।
11ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ! ਕੌਣ ਉਸ ਨੂੰ ਸਹਿ ਸਕਦਾ ਹੈ?
12ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।
13ਆਪਣੇ ਬਸਤਰ ਨਹੀਂ ਸਗੋਂ ਆਪਣੇ ਦਿਲਾਂ ਨੂੰ ਪਾੜ ਕੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।
14ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣ?
15ਸੀਯੋਨ ਵਿੱਚ ਤੁਰ੍ਹੀ ਫੂਕੋ! ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ!
16ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬਜ਼ੁਰਗਾਂ ਨੂੰ ਸੱਦੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ!
17ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ, ਯਹੋਵਾਹ ਦੇ ਸੇਵਕ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੌਮਾਂ ਉਹਨਾਂ ਦੇ ਉੱਤੇ ਰਾਜ ਕਰਨ। ਦੇਸ਼-ਦੇਸ਼ ਦੇ ਲੋਕ ਇਹ ਕਿਉਂ ਆਖਣ, ਉਹਨਾਂ ਦਾ ਪਰਮੇਸ਼ੁਰ ਕਿੱਥੇ ਹੈ?
18ਤਦ ਯਹੋਵਾਹ ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ।

19ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮਧ ਅਤੇ ਤੇਲ ਭੇਜਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ।
20ਮੈਂ ਉੱਤਰ ਤੋਂ ਆਈ ਹੋਈ ਫ਼ੌਜ ਨੂੰ ਤੁਹਾਡੇ ਤੋਂ ਦੂਰ ਧੱਕ ਦਿਆਂਗਾ, ਅਤੇ ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਭਜਾ ਦਿਆਂਗਾ, ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ। ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਂਧ ਆਵੇਗੀ, ਕਿਉਂ ਜੋ ਉਸ ਨੇ ਬਹੁਤ ਭੈੜਾ ਕੰਮ ਕੀਤਾ ਹੈ।
21ਹੇ ਦੇਸ਼, ਨਾ ਡਰ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ!
22ਹੇ ਮੈਦਾਨ ਦੇ ਪਸ਼ੂਓ, ਨਾ ਡਰੋ! ਕਿਉਂ ਜੋ ਉਜਾੜ ਦੀਆਂ ਚਾਰਗਾਹਾਂ ਹਰੀਆਂ ਹੋ ਗਈਆਂ ਹਨ, ਰੁੱਖ ਆਪਣੇ ਫਲ ਦਿੰਦੇ ਹਨ, ਹੰਜ਼ੀਰ ਅਤੇ ਅੰਗੂਰੀ ਵੇਲਾਂ ਆਪਣਾ ਪੂਰਾ ਬਲ ਵਿਖਾਉਂਦੀਆਂ ਹਨ।
23ਹੇ ਸੀਯੋਨ ਦੇ ਲੋਕੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ।
24ਪਿੜ ਅੰਨ ਨਾਲ ਭਰ ਜਾਣਗੇ ਅਤੇ ਹੌਦਾਂ ਮਧ ਅਤੇ ਤੇਲ ਨਾਲ ਉੱਛਲਣਗੀਆਂ।
25ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ।
26ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ਼ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ।
27ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ।
28ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ।
29ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਹਾਵਾਂਗਾ।
30ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਥਾਤ ਲਹੂ, ਅਤੇ ਅੱਗ ਅਤੇ ਧੂੰਏਂ ਦਾ ਥੰਮ੍ਹ।
31ਯਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨ੍ਹੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ!
32ਉਸ ਵੇਲੇ ਹਰੇਕ ਜੋ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ, ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਸੀਯੋਨ ਦੇ ਪਰਬਤ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ ਉਹ ਬਚਾਏ ਜਾਣਗੇ।