Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਆਮੋਸ

ਆਮੋਸ 1

Help us?
Click on verse(s) to share them!
1ਆਮੋਸ ਦੇ ਬਚਨ, ਜਿਹੜੀ ਤਕੋਆਹ ਸ਼ਹਿਰ ਦੇ ਚਰਵਾਹਿਆਂ ਵਿੱਚੋਂ ਸੀ, ਜਿਸ ਦਾ ਉਸ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਇਹ ਯਹੂਦਾਹ ਦੇ ਰਾਜੇ ਉੱਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ, ਇਸਰਾਏਲ ਦੇ ਰਾਜੇ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਸਾਲ ਪਹਿਲਾਂ ਹੋਇਆ।
2ਉਸ ਨੇ ਕਿਹਾ, “ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ ਚਾਰਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।”
3ਯਹੋਵਾਹ ਇਹ ਫ਼ਰਮਾਉਂਦਾ ਹੈ, “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ।
4ਇਸ ਲਈ ਮੈਂ ਹਜ਼ਾਏਲ ਰਾਜਾ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨ-ਹਦਦ ਰਾਜਾ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ।
5ਮੈਂ ਦੰਮਿਸ਼ਕ ਦੇ ਅਰਲਾਂ ਨੂੰ ਤੋੜ ਦਿਆਂਗਾ ਅਤੇ ਮੈਂ ਆਵਨ ਦੀ ਘਾਟੀ ਦੇ ਵਾਸੀਆਂ ਨੂੰ ਅਤੇ ਬੈਤ ਅਦਨ ਦੇ ਘਰਾਣੇ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ ਅਤੇ ਅਰਾਮ ਦੇ ਲੋਕ ਗ਼ੁਲਾਮ ਹੋ ਕੇ ਕੀਰ ਨੂੰ ਜਾਣਗੇ,” ਯਹੋਵਾਹ ਦੀ ਇਹੋ ਬਾਣੀ ਹੈ।
6ਯਹੋਵਾਹ ਇਹ ਫ਼ਰਮਾਉਂਦਾ ਹੈ, “ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਇੱਕ ਪੂਰੀ ਕੌਮ ਨੂੰ ਗ਼ੁਲਾਮੀ ਵਿੱਚ ਲੈ ਗਏ ਤਾਂ ਜੋ ਉਨ੍ਹਾਂ ਨੂੰ ਅਦੋਮ ਦੇ ਹਵਾਲੇ ਕਰਨ।
7ਇਸ ਲਈ ਮੈਂ ਅੱਜ਼ਾਹ ਸ਼ਹਿਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ।
8ਮੈਂ ਅਸ਼ਦੋਦ ਦੇ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ, ਮੈਂ ਅਕਰੋਨ ਦੇ ਵਿਰੁੱਧ ਆਪਣਾ ਹੱਥ ਚਲਾਵਾਂਗਾ ਅਤੇ ਫ਼ਲਿਸਤੀਆਂ ਦੇ ਬਚੇ ਹੋਏ ਲੋਕ ਨਾਸ ਹੋ ਜਾਣਗੇ,” ਪ੍ਰਭੂ ਯਹੋਵਾਹ ਦੀ ਇਹੋ ਬਾਣੀ ਹੈ।
9ਯਹੋਵਾਹ ਇਹ ਫ਼ਰਮਾਉਂਦਾ ਹੈ, “ਸੂਰ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ ਕਿਉਂ ਜੋ ਉਨ੍ਹਾਂ ਨੇ ਇੱਕ ਪੂਰੀ ਕੌਮ ਨੂੰ ਅਦੋਮ ਦੇ ਹਵਾਲੇ ਕਰ ਦਿੱਤਾ ਅਤੇ ਭਾਈਚਾਰੇ ਦਾ ਨੇਮ ਯਾਦ ਨਾ ਰੱਖਿਆ।
10ਇਸ ਲਈ ਮੈਂ ਸੂਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ।”
11ਯਹੋਵਾਹ ਇਹ ਫ਼ਰਮਾਉਂਦਾ ਹੈ, “ਅਦੋਮ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੀ ਦਯਾ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਭੜਕਿਆ ਹੀ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ।
12ਇਸ ਲਈ ਮੈਂ ਤੇਮਾਨ ਸ਼ਹਿਰ ਉੱਤੇ ਅੱਗ ਭੇਜਾਂਗਾ ਅਤੇ ਉਹ ਬਾਸਰਾਹ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ।”
13ਯਹੋਵਾਹ ਇਹ ਫ਼ਰਮਾਉਂਦਾ ਹੈ, “ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਆਪਣੀ ਹੱਦ ਵਧਾਉਣ ਲਈ ਗਿਲਆਦ ਦੀਆਂ ਗਰਭਵਤੀਆਂ ਨੂੰ ਚੀਰ ਦਿੱਤਾ।
14ਮੈਂ ਰੱਬਾਹ ਸ਼ਹਿਰ ਦੀ ਸ਼ਹਿਰਪਨਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ। ਯੁੱਧ ਦੇ ਦਿਨ ਲਲਕਾਰ ਹੋਵੇਗੀ ਸਗੋਂ ਵਾਵਰੋਲੇ ਅਤੇ ਤੂਫ਼ਾਨ ਦਾ ਇੱਕ ਦਿਨ ਹੋਵੇਗਾ।
15ਉਨ੍ਹਾਂ ਦਾ ਰਾਜਾ ਆਪਣੇ ਹਾਕਮਾਂ ਸਮੇਤ ਗ਼ੁਲਾਮੀ ਵਿੱਚ ਜਾਵੇਗਾ, ਯਹੋਵਾਹ ਦੀ ਇਹੋ ਬਾਣੀ ਹੈ।”