Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਆਮੋਸ

ਆਮੋਸ 7

Help us?
Click on verse(s) to share them!
1ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਉਹ ਨੇ ਹਾੜ੍ਹੀ ਦੀ ਫ਼ਸਲ ਦੇ ਉੱਗਣ ਦੇ ਅਰੰਭ ਵਿੱਚ ਟਿੱਡੀਆਂ ਪੈਦਾ ਕੀਤੀਆਂ, ਜਦ ਰਾਜਾ ਦੇ ਹਿੱਸੇ ਦੀ ਕਟਾਈ ਹੋ ਚੁੱਕੀ ਸੀ ਅਤੇ ਦੂਜੀ ਫ਼ਸਲ ਤਿਆਰ ਹੋ ਰਹੀ ਸੀ।
2ਜਦ ਉਹ ਦੇਸ਼ ਦਾ ਘਾਹ ਖਾ ਚੁੱਕੀਆਂ, ਤਦ ਮੈਂ ਕਿਹਾ, “ਹੇ ਪ੍ਰਭੂ ਯਹੋਵਾਹ, ਮੁਆਫ਼ ਕਰ! ਯਾਕੂਬ ਕਿਵੇਂ ਸਥਿਰ ਰਹੇਗਾ, ਉਹ ਬਹੁਤ ਕਮਜ਼ੋਰ ਹੈ?”
3ਇਸ ਦੇ ਵਿਖੇ ਯਹੋਵਾਹ ਪਛਤਾਇਆ ਅਤੇ ਉਸਨੇ ਕਿਹਾ, “ਅਜਿਹਾ ਨਹੀਂ ਹੋਵੇਗਾ।”
4ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਯਹੋਵਾਹ ਨੇ ਅੱਗ ਨਾਲ ਫ਼ੈਸਲਾ ਕਰਨਾ ਚਾਹਿਆ ਅਤੇ ਉਸ ਅੱਗ ਨੇ ਵੱਡੇ ਸਾਗਰ ਨੂੰ ਸੁਕਾ ਦਿੱਤਾ ਅਤੇ ਧਰਤੀ ਵੀ ਭਸਮ ਹੋਣ ਲੱਗੀ।
5ਤਦ ਮੈਂ ਕਿਹਾ, “ਹੇ ਪ੍ਰਭੂ ਯਹੋਵਾਹ, ਮੈਂ ਬੇਨਤੀ ਕਰਦਾ ਹਾਂ, ਰੁੱਕ ਜਾ! ਨਹੀਂ ਤਾਂ ਯਾਕੂਬ ਕਿਵੇਂ ਸਥਿਰ ਰਹੇਗਾ? ਉਹ ਬਹੁਤ ਕਮਜ਼ੋਰ ਹੈ?”
6ਇਸ ਦੇ ਵਿਖੇ ਵੀ ਯਹੋਵਾਹ ਪਛਤਾਇਆ ਅਤੇ ਪ੍ਰਭੂ ਯਹੋਵਾਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”
7ਉਸ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ।
8ਤਦ ਯਹੋਵਾਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈਂ?” ਮੈਂ ਉੱਤਰ ਦਿੱਤਾ, “ਇੱਕ ਸਾਹਲ।” ਤਦ ਪ੍ਰਭੂ ਨੇ ਕਿਹਾ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।
9ਇਸਹਾਕ ਦੇ ਉੱਚੇ ਸਥਾਨ ਉਜਾੜ ਕੀਤੇ ਜਾਣਗੇ ਅਤੇ ਇਸਰਾਏਲ ਦੇ ਪਵਿੱਤਰ ਸਥਾਨ ਵਿਰਾਨ ਹੋ ਜਾਣਗੇ ਅਤੇ ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਆਪਣੀ ਤਲਵਾਰ ਲੈ ਕੇ ਉੱਠਾਂਗਾ।”
10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੰਦੇਸ਼ ਭੇਜਿਆ, “ਆਮੋਸ ਨੇ ਇਸਰਾਏਲ ਦੇ ਘਰਾਣੇ ਦੇ ਵਿੱਚ ਤੇਰੇ ਵਿਰੁੱਧ ਸਾਜ਼ਿਸ਼ ਕੀਤੀ ਹੈ, ਦੇਸ਼ ਉਸ ਦੇ ਸਾਰੇ ਬਚਨਾਂ ਨੂੰ ਨਹੀਂ ਝੱਲ ਸਕਦਾ,
11ਕਿਉਂਕਿ ਆਮੋਸ ਇਹ ਕਹਿੰਦਾ ਹੈ, ਯਾਰਾਬੁਆਮ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਗ਼ੁਲਾਮੀ ਵਿੱਚ ਚਲਿਆ ਜਾਵੇਗਾ।”
12ਤਦ ਅਮਸਯਾਹ ਨੇ ਆਮੋਸ ਨੂੰ ਕਿਹਾ, “ਹੇ ਦਰਸ਼ਣ ਵੇਖਣ ਵਾਲੇ, ਜਾ, ਇੱਥੋਂ ਨਿੱਕਲ ਕੇ ਯਹੂਦਾਹ ਦੇ ਦੇਸ਼ ਨੂੰ ਭੱਜ ਜਾ! ਉੱਥੇ ਹੀ ਰੋਟੀ ਖਾ ਅਤੇ ਉੱਥੇ ਹੀ ਭਵਿੱਖਬਾਣੀ ਕਰ
13ਪਰ ਬੈਤਏਲ ਵਿੱਚ ਫੇਰ ਕਦੇ ਭਵਿੱਖਬਾਣੀ ਨਾ ਕਰੀਂ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਨਾ ਤਾਂ ਮੈਂ ਨਬੀ ਸੀ ਅਤੇ ਨਾ ਹੀ ਨਬੀ ਦਾ ਪੁੱਤਰ, ਪਰ ਮੈਂ ਤਾਂ ਇੱਕ ਅਯਾਲੀ ਸੀ ਅਤੇ ਗੁੱਲਰਾਂ ਦੇ ਰੁੱਖਾਂ ਦੇ ਫਲ ਇਕੱਠਾ ਕਰਨ ਵਾਲਾ ਸੀ,”
15ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਫਿਰਨ ਤੋਂ ਲਿਆ ਅਤੇ ਮੈਨੂੰ ਕਿਹਾ, “ਜਾ, ਮੇਰੀ ਪਰਜਾ ਇਸਰਾਏਲ ਤੇ ਭਵਿੱਖਬਾਣੀ ਕਰ!”
16ਇਸ ਲਈ ਹੁਣ ਯਹੋਵਾਹ ਦਾ ਬਚਨ ਸੁਣ, “ਤੂੰ ਕਹਿੰਦਾ ਹੈਂ, ਇਸਰਾਏਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ!”
17ਇਸ ਲਈ ਯਹੋਵਾਹ ਇਹ ਫ਼ਰਮਾਉਂਦਾ ਹੈ, ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ!