1ਵੇਖੋ, ਯਹੋਵਾਹ ਧਰਤੀ ਨੂੰ ਸੁੰਨੀ ਕਰੇਗਾ, ਅਤੇ ਉਹ ਨੂੰ ਵਿਰਾਨ ਕਰੇਗਾ, ਉਹ ਦੀ ਪਰਤ ਵਿਗਾੜ ਦੇਵੇਗਾ, ਅਤੇ ਉਹ ਦੇ ਵਾਸੀਆਂ ਨੂੰ ਖਿਲਾਰ ਦੇਵੇਗਾ।
2ਤਦ ਅਜਿਹਾ ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ, ਜਿਵੇਂ ਦਾਸ ਤਿਵੇਂ ਉਹ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਹ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜਾ ਦੇਣ ਵਾਲਾ ਤਿਵੇਂ ਕਰਜਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ।
3ਧਰਤੀ ਸੁੰਨੀ ਹੀ ਸੁੰਨੀ ਕੀਤੀ ਜਾਵੇਗੀ, ਅਤੇ ਲੁੱਟੀ-ਪੁੱਟੀ ਜਾਵੇਗੀ, ਕਿਉਂ ਜੋ ਇਹ ਗੱਲ ਯਹੋਵਾਹ ਨੇ ਆਖੀ ਹੈ।
4ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ।
5ਧਰਤੀ ਆਪਣੇ ਵਾਸੀਆਂ ਹੇਠ ਭਰਿਸ਼ਟ ਹੋਈ ਹੈ, ਕਿਉਂ ਜੋ ਉਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਦਿੱਤਾ।
6ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ।
7ਨਵੀਂ ਮੈਅ ਸੋਗ ਕਰਦੀ ਹੈ, ਵੇਲ ਕੁਮਲਾ ਗਈ ਹੈ, ਸਾਰੇ ਖੁਸ਼ ਦਿਲ ਹੌਂਕੇ ਭਰਦੇ ਹਨ।
8ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ।
9ਉਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ।
10ਗੜਬੜੀ ਮਚਾਉਣ ਵਾਲਾ ਨਗਰ ਤੋੜਿਆ ਗਿਆ, ਹਰੇਕ ਘਰ ਲੰਘਣੋਂ ਬੰਦ ਕੀਤਾ ਗਿਆ।
11ਚੌਕਾਂ ਵਿੱਚ ਮਧ ਲਈ ਰੌਲ਼ਾ ਹੈ, ਸਾਰਾ ਅਨੰਦ ਹਨੇਰ ਹੋ ਗਿਆ, ਧਰਤੀ ਦੀ ਖੁਸ਼ੀ ਮਿਟ ਗਈ ਹੈ।
12ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਫਾਟਕ ਟੁੱਟਿਆ-ਭੱਜਿਆ ਪਿਆ ਹੈ।
13ਧਰਤੀ ਉੱਤੇ ਦੇਸ਼-ਦੇਸ਼ ਦੇ ਲੋਕਾਂ ਦੇ ਵਿਚਕਾਰ ਅਜਿਹਾ ਹੋਵੇਗਾ, ਜਿਵੇਂ ਜ਼ੈਤੂਨ ਦਾ ਹਲੂਣਾ, ਜਿਵੇਂ ਅੰਗੂਰ ਤੋੜਨ ਦੇ ਪਿੱਛੋਂ ਰਹਿੰਦ-ਖੁਹੰਦ ਚੁਗਣਾ।
14ਉਹ ਆਪਣੀ ਅਵਾਜ਼ ਚੁੱਕਣਗੇ, ਉਹ ਜੈਕਾਰੇ ਗਜਾਉਣਗੇ, ਉਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ।
15ਇਸ ਲਈ ਪੂਰਬ ਵੱਲੋਂ ਯਹੋਵਾਹ ਦੀ ਮਹਿਮਾ ਕਰੋ, ਸਮੁੰਦਰ ਦੇ ਟਾਪੂਆਂ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਦੀ ਵਡਿਆਈ ਕਰੋ।
16ਧਰਤੀ ਦੇ ਕੰਢੇ ਤੋਂ ਅਸੀਂ ਭਜਨ ਸੁਣਦੇ ਹਾਂ, “ਧਰਮੀ ਮਨੁੱਖ ਦਾ ਮਾਣ ਹੋਵੇ!।” ਪਰ ਮੈਂ ਆਖਿਆ, ਮੈਂ ਲਿੱਸਾ ਪੈ ਗਿਆ, ਮੈਂ ਲਿੱਸਾ ਪੈ ਗਿਆ! ਹਾਏ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਕੀਤੀ!
17ਹੇ ਧਰਤੀ ਦੇ ਵਾਸੀਓ, ਖੌਫ਼, ਭੋਹਰਾ ਤੇ ਫੰਦਾ ਤੁਹਾਡੇ ਉੱਤੇ ਹਨ!
18ਅਜਿਹਾ ਹੋਵੇਗਾ ਕਿ ਖੌਫ਼ ਦੇ ਰੌਲ਼ੇ ਤੋਂ ਭੱਜਿਆ ਹੋਇਆ ਭੋਹਰੇ ਵਿੱਚ ਡਿੱਗੇਗਾ, ਅਤੇ ਭੋਹਰੇ ਵਿੱਚੋਂ ਉਤਾਹਾਂ ਆਇਆ ਹੋਇਆ ਫੰਦੇ ਵਿੱਚ ਫਸੇਗਾ, ਕਿਉਂ ਜੋ ਉੱਪਰੋਂ ਖਿੜਕੀਆਂ ਖੁੱਲ੍ਹ ਗਈਆਂ, ਅਤੇ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ।
19ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ, ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ, ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ।
20ਧਰਤੀ ਸ਼ਰਾਬੀ ਵਾਂਗੂੰ ਡਗਮਗਾਉਂਦੀ ਹੈ, ਉਹ ਛੱਪਰ ਵਾਂਗੂੰ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ।
21ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਅਸਮਾਨੀ ਸੈਨਾਂ ਨੂੰ ਅਸਮਾਨ ਉੱਤੇ, ਅਤੇ ਜ਼ਮੀਨ ਦੇ ਰਾਜਿਆਂ ਨੂੰ ਜ਼ਮੀਨ ਉੱਤੇ ਸਜ਼ਾ ਦੇਵੇਗਾ।
22ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ, ਉਹ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ।
23ਤਦ ਚੰਦ ਘਬਰਾ ਜਾਵੇਗਾ, ਅਤੇ ਸੂਰਜ ਲਾਜ ਖਾਵੇਗਾ, ਕਿਉਂ ਜੋ ਸੈਨਾਂ ਦਾ ਯਹੋਵਾਹ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ, ਅਤੇ ਆਪਣੀ ਪਰਜਾ ਦੇ ਬਜ਼ੁਰਗਾਂ ਦੇ ਅੱਗੇ ਪਰਤਾਪ ਨਾਲ ਰਾਜ ਕਰੇਗਾ।