1ਹਾਏ! ਭੀਂ ਕਰਨ ਵਾਲੇ ਖੰਭਾਂ ਦਾ ਦੇਸ, ਜਿਹੜਾ ਕੂਸ਼ ਅਰਥਾਤ ਇਥੋਪਿਆ ਦੀਆਂ ਨਦੀਆਂ ਦੇ ਪਾਰ ਹੈ,
2ਜਿਹੜਾ ਰਾਹ ਦੂਤਾਂ ਨੂੰ ਸਮੁੰਦਰ ਰਾਹੀਂ ਕਾਨਿਆਂ ਦੀਆਂ ਬੇੜੀਆਂ ਵਿੱਚ ਪਾਣੀਆਂ ਦੇ ਉੱਤੇ ਇਹ ਆਖ ਕੇ ਭੇਜਦਾ ਹੈ, ਹੇ ਫੁਰਤੀਲੇ ਦੂਤੋ, ਇੱਕ ਕੌਮ ਵੱਲ ਜਾਓ, ਜਿਹ ਦੇ ਲੋਕ ਲੰਮੇ ਅਤੇ ਸੋਹਣੇ ਹਨ, ਉਨ੍ਹਾਂ ਲੋਕਾਂ ਵੱਲ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਇੱਕ ਕੌਮ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ, ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ।
3ਹੇ ਜਗਤ ਦੇ ਸਾਰੇ ਵਾਸੀਓ, ਅਤੇ ਧਰਤੀ ਦੇ ਰਹਿਣ ਵਾਲਿਓ, ਜਦ ਝੰਡਾ ਪਹਾੜਾਂ ਉੱਤੇ ਖੜ੍ਹਾ ਕੀਤਾ ਜਾਵੇ, ਤਾਂ ਵੇਖੋ! ਜਦ ਤੁਰ੍ਹੀ ਫੂਕੀ ਜਾਵੇ, ਤਾਂ ਸੁਣੋ!
4ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਧੁੱਪ ਵਿੱਚ ਤੇਜ ਗਰਮੀ, ਅਤੇ ਵਾਢੀ ਦੀ ਗਰਮੀ ਵਿੱਚ ਤ੍ਰੇਲ ਦੇ ਬੱਦਲ ਦੀ ਤਰ੍ਹਾਂ, ਮੈਂ ਸ਼ਾਂਤੀ ਨਾਲ ਆਪਣੇ ਭਵਨ ਵਿੱਚੋਂ ਝਾਕਾਂਗਾ,
5ਕਿਉਂ ਜੋ ਵਾਢੀ ਤੋਂ ਪਹਿਲਾਂ ਜਦ ਕਲੀਆਂ ਸੁੱਕ ਗਈਆਂ, ਅਤੇ ਫੁੱਲ ਪੱਕੇ ਅੰਗੂਰ ਬਣ ਗਏ, ਉਹ ਸ਼ਾਖਾਂ ਨੂੰ ਦਾਤੀਆਂ ਨਾਲ ਕੱਟ ਦੇਵੇਗਾ, ਅਤੇ ਖਿੱਲਰੀਆਂ ਹੋਈਆਂ ਟਹਿਣੀਆਂ ਨੂੰ ਵੱਢ ਦੇ ਇੱਕ ਪਾਸੇ ਕਰ ਦੇਵੇਗਾ,
6ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ, ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ, ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ, ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।
7ਉਸ ਵੇਲੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਤੇ ਸੋਹਣੇ ਹਨ, ਅਤੇ ਜਿਨ੍ਹਾਂ ਦਾ ਭੈਅ ਦੂਰ-ਦੂਰ ਤੱਕ ਮੰਨਿਆ ਜਾਂਦਾ ਹੈ, ਉਸ ਕੌਮ ਵੱਲੋਂ ਜਿਹੜੀ ਬਲਵਾਨ ਅਤੇ ਲਤਾੜਨ ਵਾਲੀ ਹੈ ਅਤੇ ਜਿਸ ਦੇ ਦੇਸ ਨੂੰ ਨਦੀਆਂ ਪਾੜਦੀਆਂ ਹਨ, ਸੈਨਾਂ ਦੇ ਯਹੋਵਾਹ ਦੇ ਨਾਮ ਦੇ ਸਥਾਨ, ਸੀਯੋਨ ਦੇ ਪਰਬਤ ਨੂੰ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ।