1ਆਮੋਸ ਦੇ ਪੁੱਤਰ ਯਸਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਦਰਸ਼ਣ ਵਿੱਚ ਵੇਖਿਆ।
2ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ।
3ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।
4ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ। ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।
5ਹੇ ਯਾਕੂਬ ਦੇ ਵੰਸ਼ਜੋ, ਆਓ, ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।
6ਤੂੰ ਤਾਂ ਆਪਣੀ ਪਰਜਾ ਯਾਕੂਬ ਦੇ ਵੰਸ਼ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ, ਅਤੇ ਫ਼ਲਿਸਤੀਆਂ ਵਾਂਗੂੰ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ।
7ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ।
8ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ!
9ਇਸ ਲਈ ਆਦਮੀ ਝੁਕਾਇਆ ਜਾਂਦਾ, ਅਤੇ ਮਨੁੱਖ ਨੀਵਾਂ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ!
10ਯਹੋਵਾਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!
11ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ।
12ਇਸ ਲਈ ਕਿ ਸੈਨਾਂ ਦੇ ਯਹੋਵਾਹ ਦਾ ਇੱਕ ਦਿਨ ਹੈ, ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰੇਕ ਹੰਕਾਰੀ ਦੇ ਵਿਰੁੱਧ ਹੈ, ਅਤੇ ਉਹ ਨੀਵੇਂ ਕੀਤੇ ਜਾਣਗੇ,
13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
14ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇ ਟਿੱਬਿਆਂ ਦੇ ਵਿਰੁੱਧ,
15ਹਰੇਕ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰੇਕ ਮਜ਼ਬੂਤ ਸ਼ਹਿਰਪਨਾਹ ਦੇ ਵਿਰੁੱਧ,
16ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨਭਾਉਂਦੇ ਜਹਾਜ਼ਾਂ ਦੇ ਵਿਰੁੱਧ ਉਹ ਦਿਨ ਆਉਂਦਾ ਹੈ।
17ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ, ਅਤੇ ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ,
18ਅਤੇ ਬੁੱਤ ਪੂਰੀ ਤਰ੍ਹਾਂ ਹੀ ਮਿਟ ਜਾਣਗੇ।
19ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।
20ਉਸ ਦਿਨ ਲੋਕ ਆਪਣੇ ਚਾਂਦੀ ਅਤੇ ਸੋਨੇ ਦੇ ਬੁੱਤਾਂ ਨੂੰ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਾਦੜਾਂ ਦੇ ਅੱਗੇ ਸੁੱਟ ਦੇਣਗੇ।
21ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ।
22ਇਸ ਲਈ ਮਨੁੱਖ ਉੱਤੇ ਭਰੋਸਾ ਕਰਨ ਤੋਂ ਦੂਰ ਰਹੋ, ਜਿਸ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਉਸ ਦਾ ਮੁੱਲ ਹੈ ਹੀ ਕੀ?