1ਯੱਸੀ ਦੇ ਟੁੰਡ ਤੋਂ ਇੱਕ ਟਾਹਣੀ ਫੁੱਟ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿੱਕਲ ਕੇ ਫਲ ਦੇਵੇਗੀ।
2ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਦੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈਅ ਦਾ ਆਤਮਾ।
3ਅਤੇ ਯਹੋਵਾਹ ਦੇ ਭੈਅ ਵਿੱਚ ਉਹ ਮਗਨ ਰਹੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।
4ਪਰ ਉਹ ਗਰੀਬਾਂ ਦਾ ਨਿਆਂ ਧਰਮ ਨਾਲ, ਇਨਸਾਫ਼ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਕਰੇਗਾ, ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਸੁੱਟੇਗਾ।
5ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।
6ਬਘਿਆੜ ਲੇਲੇ ਨਾਲ ਰਹੇਗਾ, ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਬੱਚਾ ਉਹਨਾਂ ਨੂੰ ਲਈ ਫਿਰੇਗਾ।
7ਗਾਂ ਤੇ ਰਿੱਛਣੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬੱਬਰ ਸ਼ੇਰ ਬਲ਼ਦ ਵਾਂਗੂੰ ਘਾਹ ਖਾਵੇਗਾ।
8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।
9ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਕੋਈ ਦੁੱਖ ਦੇਵੇਗਾ, ਨਾ ਨਾਸ ਕਰੇਗਾ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ।
10ਉਸ ਦਿਨ ਅਜਿਹਾ ਹੋਵੇਗਾ ਕਿ ਯੱਸੀ ਦੀ ਜੜ੍ਹ ਲੋਕਾਂ ਦੇ ਝੰਡੇ ਲਈ ਖੜ੍ਹੀ ਹੋਵੇਗੀ, - ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਸਥਾਨ ਪਰਤਾਪਵਾਨ ਹੋਵੇਗਾ।
11ਅਤੇ ਉਸ ਦਿਨ ਪ੍ਰਭੂ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ।
12ਉਹ ਕੌਮਾਂ ਲਈ ਇੱਕ ਝੰਡਾ ਖੜ੍ਹਾ ਕਰੇਗਾ, ਅਤੇ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰੇਗਾ, ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਾਰੇ ਕੋਨਿਆਂ ਤੋਂ ਇਕੱਠਾ ਕਰੇਗਾ।
13ਇਫ਼ਰਾਈਮ ਦੀ ਖੁਣਸ ਮੁੱਕ ਜਾਵੇਗੀ ਅਤੇ ਯਹੋਵਾਹ ਦੇ ਵੈਰੀ ਨਾਸ ਹੋ ਜਾਣਗੇ, ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ, ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ।
14ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ, ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ, ਉਹ ਆਪਣਾ ਹੱਥ ਅਦੋਮ ਅਤੇ ਮੋਆਬ ਉੱਤੇ ਪਾਉਣਗੇ, ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋ ਜਾਣਗੇ।
15ਯਹੋਵਾਹ ਮਿਸਰ ਦੀ ਸਮੁੰਦਰੀ ਖਾੜੀ ਦਾ ਸੱਤਿਆਨਾਸ ਕਰ ਦੇਵੇਗਾ, ਉਹ ਆਪਣਾ ਹੱਥ ਦਰਿਆ ਉੱਤੇ ਵਧਾ ਕੇ ਲੂ ਵਗਾਵੇਗਾ, ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਬਣਾ ਦੇਵੇਗਾ, ਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ।
16ਮੇਰੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਜਿਹੜੇ ਅੱਸ਼ੂਰ ਤੋਂ ਬਚ ਗਏ, ਇੱਕ ਅਜਿਹੀ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਉਹ ਮਿਸਰ ਦੇ ਦੇਸ ਤੋਂ ਉਤਾਹਾਂ ਆਏ ਸਨ।