Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਸਾ

ਯਸਾ 64

Help us?
Click on verse(s) to share them!
1ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜ ਕੇ ਉਤਰ ਆਵੇਂ ਤਾਂ ਜੋ ਤੇਰੀ ਹਜ਼ੂਰੀ ਤੋਂ ਪਰਬਤ ਕੰਬ ਜਾਣ!
2ਜਿਵੇਂ ਅੱਗ ਝਾੜੀਆਂ ਨੂੰ ਸਾੜਦੀ ਅਤੇ ਪਾਣੀ ਨੂੰ ਉਬਾਲਦੀ, ਤਿਵੇਂ ਹੀ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ!
3ਜਦ ਤੂੰ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਰਬਤ ਕੰਬ ਗਏ।
4ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਤੇਰੇ ਬਿਨ੍ਹਾਂ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ।
5ਤੂੰ ਉਹਨਾਂ ਦੀ ਮਦਦ ਲਈ ਆਉਂਦਾ ਹੈਂ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਅਤੇ ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ। ਵੇਖ, ਤੂੰ ਕ੍ਰੋਧਵਾਨ ਹੋਇਆ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ - ਅਸੀਂ ਕਿਸ ਤਰ੍ਹਾਂ ਬਚਾਂਗੇ?
6ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗੂੰ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਗੂੰ ਸਾਨੂੰ ਚੁੱਕ ਲੈ ਜਾਂਦੀਆਂ ਹਨ।
7ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾ ਕੋਈ ਯਤਨ ਕਰਦਾ ਹੈ ਕਿ ਤੈਨੂੰ ਫੜ੍ਹ ਕੇ ਰੱਖੇ, ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋਂ ਲੁਕਾ ਲਿਆ, ਅਤੇ ਸਾਨੂੰ ਸਾਡੀਆਂ ਬਦੀਆਂ ਦੇ ਹੱਥ ਛੱਡ ਦਿੱਤਾ।
8ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸਾਰੇ ਤੇਰੀ ਦਸਤਕਾਰੀ ਹਾਂ।
9ਹੇ ਯਹੋਵਾਹ, ਤੂੰ ਅੱਤ ਕ੍ਰੋਧਵਾਨ ਨਾ ਹੋ, ਨਾ ਸਾਡੀ ਬਦੀ ਨੂੰ ਸਦਾ ਲਈ ਯਾਦ ਰੱਖ। ਵੇਖ, ਧਿਆਨ ਦੇ, ਅਸੀਂ ਬੇਨਤੀ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਤੇਰੀ ਪਰਜਾ ਹਾਂ।
10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ, ਸੀਯੋਨ ਸੁੰਨਸਾਨ, ਯਰੂਸ਼ਲਮ ਵਿਰਾਨ ਹੋ ਗਿਆ।
11ਸਾਡਾ ਪਵਿੱਤਰ ਅਤੇ ਸ਼ਾਨਦਾਰ ਭਵਨ, ਜਿੱਥੇ ਸਾਡੇ ਪੁਰਖੇ ਤੇਰੀ ਉਸਤਤ ਕਰਦੇ ਸਨ, ਅੱਗ ਨਾਲ ਸੜ ਗਿਆ, ਸਾਡੇ ਸਾਰੇ ਮਨਭਾਉਂਦੇ ਸਥਾਨ ਬਰਬਾਦ ਹੋ ਗਏ।
12ਹੇ ਯਹੋਵਾਹ, ਕੀ ਇਹਨਾਂ ਗੱਲਾਂ ਦੇ ਬਾਅਦ ਵੀ ਤੂੰ ਆਪਣੇ ਆਪ ਨੂੰ ਰੋਕ ਰੱਖੇਂਗਾ? ਕੀ ਤੂੰ ਚੁੱਪ ਰਹੇਂਗਾ ਅਤੇ ਸਾਨੂੰ ਅੱਤ ਦੁੱਖ ਦੇਵੇਂਗਾ?