Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਸਾ

ਯਸਾ 34

Help us?
Click on verse(s) to share them!
1ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ! ਧਰਤੀ ਅਤੇ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੇ!
2ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਕ੍ਰੋਧਵਾਨ ਹੋਇਆ ਹੈ, ਉਹ ਦਾ ਕ੍ਰੋਧ ਉਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭੜਕਿਆ ਹੋਇਆ ਹੈ, ਉਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਅਤੇ ਵੱਢੇ ਜਾਣ ਲਈ ਦੇ ਦਿੱਤਾ ਹੈ।
3ਉਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਉਹਨਾਂ ਦੀਆਂ ਲੋਥਾਂ ਤੋਂ ਸੜਿਆਂਧ ਉੱਠੇਗੀ, ਅਤੇ ਪਰਬਤ ਉਹਨਾਂ ਦੇ ਲਹੂ ਨਾਲ ਡੁੱਬ ਜਾਣਗੇ।
4ਅਕਾਸ਼ ਦੇ ਸਾਰੇ ਮੰਡਲ ਖ਼ਤਮ ਹੋ ਜਾਣਗੇ ਅਤੇ ਅਕਾਸ਼ ਪੱਤ੍ਰੀ ਵਾਂਗੂੰ ਲਪੇਟਿਆ ਜਾਵੇਗਾ, ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜ਼ੀਰ ਤੋਂ ਝੜ ਜਾਂਦੇ ਹਨ।
5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ।
6ਯਹੋਵਾਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ, ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ।
7ਜੰਗਲੀ ਸਾਨ੍ਹ, ਵੱਛੇ ਅਤੇ ਬਲ਼ਦ ਮਾਰੇ ਜਾਣਗੇ, ਉਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਉਹਨਾਂ ਦੀ ਧੂੜ ਚਰਬੀ ਨਾਲ ਚਿਕਣੀ ਹੋ ਜਾਵੇਗੀ।
8ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।
9ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਉਹ ਦੀ ਖ਼ਾਕ, ਗੰਧਕ, ਅਤੇ ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ।
10ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ।
11ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।
12ਉਹ ਦੇ ਪਤਵੰਤ ਉਹ ਨੂੰ “ਅਲੋਪ ਰਾਜ” ਸੱਦਣਗੇ, ਅਤੇ ਉਹ ਦੇ ਸਾਰੇ ਹਾਕਮ, ਨਾ ਹੋਇਆਂ ਜਿਹੇ ਹੋਣਗੇ।
13ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।
14ਜੰਗਲੀ ਜਾਨਵਰ ਬਿੱਜੂਆਂ ਨਾਲ ਮਿਲਣਗੇ, ਜੰਗਲੀ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਚਮਗਿੱਦੜ ਉੱਥੇ ਟਿਕੇਗਾ, ਅਤੇ ਆਪਣੇ ਲਈ ਅਰਾਮ ਦਾ ਥਾਂ ਪਵੇਗਾ।
15ਉੱਥੇ ਮਾਦਾ ਉੱਲੂ ਆਲ੍ਹਣਾ ਬਣਾ ਕੇ ਆਂਡੇ ਦੇਵੇਗੀ, ਅਤੇ ਸੇਉ ਕੇ ਆਪਣੇ ਬੱਚੇ ਆਪਣੇ ਖੰਭਾਂ ਹੇਠ ਇਕੱਠੇ ਕਰੇਗੀ। ਉੱਥੇ ਹੀ ਇੱਲਾਂ ਇਕੱਠੀਆਂ ਹੋਣਗੀਆਂ ਹਰੇਕ ਆਪਣੇ ਨਰ ਨਾਲ।
16ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ, ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਇਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਉਹਨਾਂ ਨੂੰ ਇਕੱਠਾ ਕੀਤਾ ਹੈ।
17ਉਸੇ ਨੇ ਉਹਨਾਂ ਦਾ ਹਿੱਸਾ ਠਹਿਰਾਇਆ ਹੈ, ਅਤੇ ਉਸੇ ਦੇ ਹੱਥ ਨੇ ਉਹਨਾਂ ਲਈ ਦੇਸ ਨੂੰ ਜ਼ਰੀਬ ਨਾਲ ਵੰਡਿਆ। ਉਹ ਸਦਾ ਤੱਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਉਹ ਉਸ ਵਿੱਚ ਵੱਸਣਗੇ।