15ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਹੋ ਹੋ ਜਿਹੜੇ ਮਨੁੱਖਾਂ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ੁਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੀ ਨਜ਼ਰ ਵਿੱਚ ਉੱਤਮ ਹੈ ਸੋ ਪਰਮੇਸ਼ੁਰ ਦੀ ਨਜ਼ਰ ਵਿੱਚ ਘਿਣਾਉਣੀ ਹੈ।
16ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ। ਉਸ ਸਮੇਂ ਤੋਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ।
17ਪਰ ਅਕਾਸ਼ ਅਤੇ ਧਰਤੀ ਦਾ ਟਲ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਅਸਾਨ ਹੈ।
18ਹਰੇਕ ਜੋ ਆਪਣੀ ਪਤਨੀ ਨੂੰ ਤਿਆਗ ਕੇ ਦੂਜੀ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਦੀ ਤਿਆਗੀ ਹੋਈ ਔਰਤ ਨੂੰ ਵਿਆਹੇ ਉਹ ਵੀ ਵਿਭਚਾਰ ਕਰਦਾ ਹੈ।
19ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ।
20ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ।
21ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ।
22ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ।
23ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ।
24ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ!
25ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ।
26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ।