Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੂਕਾ

ਲੂਕਾ 24

Help us?
Click on verse(s) to share them!
1ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ।
2ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰ ਦੇ ਮੂੰਹ ਤੋਂ ਹਟਿਆ ਵੇਖਿਆ।
3ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ।
4ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸ ਦੇ ਕਾਰਨ ਉਲਝਣ ਵਿੱਚ ਸਨ, ਤਾਂ ਵੇਖੋ, ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਉਨ੍ਹਾਂ ਦੇ ਕੋਲ ਆ ਖਲੋਤੇ।
5ਜਦ ਉਹ ਡਰ ਗਈਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਨ੍ਹਾਂ ਪੁਰਸ਼ਾਂ ਨੇ ਇਨ੍ਹਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ?
6ਉਹ ਐਥੇ ਨਹੀਂ ਹੈ ਪਰ ਜੀ ਉੱਠਿਆ ਹੈ। ਯਾਦ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕੀ ਕਿਹਾ ਸੀ,
7ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰ ਹੈ।
8ਤਦ ਉਨ੍ਹਾਂ ਨੂੰ ਯਿਸੂ ਦੀਆਂ ਗੱਲਾਂ ਯਾਦ ਆਈਆਂ।
9ਅਤੇ ਕਬਰ ਤੋਂ ਵਾਪਸ ਆ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਨ੍ਹਾਂ ਗਿਆਰ੍ਹਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸ ਦਿੱਤੀਆਂ।
10ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਤੇ ਉਨ੍ਹਾਂ ਦੇ ਨਾਲ ਦੀਆਂ ਹੋਰ ਔਰਤਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ।
11ਅਤੇ ਇਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਵਾਂਗੂੰ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ।
12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ, ਪਰ ਕੇਵਲ ਉਸ ਦੇ ਕੱਪੜੇ ਹੀ ਵੇਖੇ ਅਤੇ ਇਸ ਘਟਨਾ ਬਾਰੇ ਅਚਰਜ਼ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।
13ਤਾਂ ਵੇਖੋ, ਉਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਮਕ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ ਸੱਤ ਮੀਲ ਦੂਰੀ ਤੇ ਹੈ।
14ਉਹ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਸਨ।
15ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਗੱਲਬਾਤ ਅਤੇ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਨ ਲੱਗਾ,
16ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਕਿ ਉਹ ਉਸ ਨੂੰ ਪਹਿਚਾਣ ਨਾ ਸਕੇ।
17ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਆਪਸ ਵਿੱਚ ਕੀ ਗੱਲਾਂ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ।
18ਤਦ ਕਲਿਉਪਸ ਨਾਮ ਦੇ ਇੱਕ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ-ਕੱਲ ਜਿਹੜੀਆਂ ਘਟਨਾਵਾਂ ਉੱਥੇ ਬੀਤੀਆਂ ਹਨ ਨਹੀਂ ਜਾਣਦਾ ਹੈਂ?

19ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਘਟਨਾਵਾਂ? ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਬਾਰੇ, ਜਿਹੜਾ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰੱਥੀ ਅਤੇ ਪਰਮੇਸ਼ੁਰ ਦਾ ਨਬੀ ਸੀ।
20ਅਤੇ ਕਿਸ ਤਰ੍ਹਾਂ ਮੁੱਖ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜ੍ਹਾਇਆ।
21ਪਰ ਸਾਨੂੰ ਇਹ ਆਸ ਸੀ ਜੋ ਇਹ ਉਹ ਹੀ ਹੈ ਜੋ ਇਸਰਾਏਲ ਦਾ ਨਿਸਤਾਰਾ ਕਰੇਗਾ ਅਤੇ ਇਨ੍ਹਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਘਟਨਾ ਨੂੰ ਬੀਤਿਆਂ ਅੱਜ ਤਿੰਨ ਦਿਨ ਹੋ ਗਏ ਹਨ।
22ਪਰ ਸਾਡੇ ਵਿੱਚੋਂ ਕਈਆਂ ਔਰਤਾਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਸਨ,
23ਅਤੇ ਜਦ ਉਸ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਣ ਵੀ ਹੋਇਆ, ਜਿਨ੍ਹਾਂ ਨੇ ਆਖਿਆ ਕਿ ਉਹ ਜਿਉਂਦਾ ਹੈ!
24ਅਤੇ ਸਾਡੇ ਨਾਲ ਦਿਆਂ ਵਿੱਚੋਂ ਵੀ ਕਈ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਉਸੇ ਤਰ੍ਹਾਂ ਪਾਇਆ ਪਰ ਉਸ ਨੂੰ ਨਾ ਵੇਖਿਆ।
25ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੋ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲਿਉ!
26ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ?
27ਯਿਸੂ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।
28ਉਹ ਉਸ ਪਿੰਡ ਨੇੜੇ ਆਇਆ, ਜਿੱਥੇ ਉਹ ਜਾਂਦੇ ਸਨ ਅਤੇ ਉਸ ਨੇ ਅੱਗੇ ਵਧਣ ਨੂੰ ਕੀਤਾ।
29ਤਾਂ ਉਨ੍ਹਾਂ ਨੇ ਉਸ ਨੂੰ ਰੋਕ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸ਼ਾਮ ਪੈ ਗਈ ਹੈ ਅਤੇ ਹੁਣ ਦਿਨ ਢੱਲ਼ ਚੱਲਿਆ ਹੈ। ਤਦ ਉਹ ਉਨ੍ਹਾਂ ਨਾਲ ਰਹਿਣ ਲਈ ਅੰਦਰ ਗਿਆ।
30ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਨੂੰ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਨ੍ਹਾਂ ਨੂੰ ਫੜ੍ਹਾਈ।
31ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਹਿਚਾਣ ਲਿਆ ਅਤੇ ਉਹ ਉਨ੍ਹਾਂ ਤੋਂ ਅਲੋਪ ਹੋ ਗਿਆ।
32ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ?
33ਉਹ ਉਸੇ ਸਮੇਂ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ ਗਿਆਰ੍ਹਾਂ ਚੇਲਿਆਂ ਅਤੇ ਉਨ੍ਹਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ,
34ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚ-ਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ!
35ਤਾਂ ਉਨ੍ਹਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵੇਲੇ ਅਸੀਂ ਉਸ ਨੂੰ ਕਿਸ ਤਰ੍ਹਾਂ ਪਛਾਣਿਆਂ।
36ਉਹ ਇਹ ਗੱਲਾਂ ਕਰਦੇ ਹੀ ਸਨ ਕਿ ਯਿਸੂ ਆਪ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ।

37ਪਰ ਉਹ ਸਹਿਮ ਕੇ ਡਰ ਗਏ ਅਤੇ ਇਹ ਸਮਝੇ ਜੋ ਅਸੀਂ ਭੂਤ ਨੂੰ ਵੇਖਦੇ ਹਾਂ।
38ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ?
39ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਕਿ ਇਹ ਮੈਂ ਹੀ ਹਾਂ। ਮੈਨੂੰ ਛੂਹੋ ਅਤੇ ਵੇਖੋ ਕਿਉਂਕਿ ਆਤਮਾ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।
40ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਵਿਖਾਏ।
41ਤਦ ਉਹ ਖੁਸ਼ੀ ਦੇ ਮਾਰੇ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ, ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਤੁਹਾਡੇ ਕੋਲ ਕੁਝ ਭੋਜਨ ਹੈ?
42ਤਦ ਉਨ੍ਹਾਂ ਨੇ ਉਸ ਨੂੰ ਭੁੰਨੀ ਮੱਛੀ ਦਾ ਟੁੱਕੜਾ ਦਿੱਤਾ।
43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ।
44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।
45ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ।
46ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫਿਰ ਜੀ ਉੱਠੇਗਾ।
47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ।
48ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਗਵਾਹ ਹੋ।
49ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ।
50ਯਿਸੂ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਤੇ ਆਪਣੇ ਹੱਥ ਉੱਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ।
51ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲੱਗ ਹੋਇਆ ਅਤੇ ਸਵਰਗ ਵਿੱਚ ਉੱਠਾਇਆ ਗਿਆ।
52ਅਤੇ ਉਹ ਉਸ ਨੂੰ ਸੀਸ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਵਾਪਸ ਮੁੜ ਆਏ।
53ਅਤੇ ਹੈਕਲ ਵਿੱਚ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ।